ਸੰਯੁਕਤ ਰਾਸ਼ਟਰ, 21 ਜੁਲਾਈ
ਮੌਸਮ ਵਿਗਿਆਨ ਨਾਲ ਜੁੜੀ ਆਲਮੀ ਸੰਸਥਾ (ਡਬਲਿਊਐੱਮਓ) ਦਾ ਕਹਿਣਾ ਹੈ ਕਿ ਟਿੱਡੀ ਦਲ ਦਾ ਹਮਲਾ ਪੂਰਬੀ ਅਫ਼ਰੀਕਾ, ਭਾਰਤ ਤੇ ਪਾਕਿਸਤਾਨ ਵਿੱਚ ਖੁਰਾਕ ਸੁਰੱਖਿਆ ਲਈ ਗੰਭੀਰ ਖ਼ਤਰਾ ਹੈ। ਸੰਸਥਾ ਦਾ ਮੰਨਣਾ ਹੈ ਕਿ ਹਮਲਾ ਮੌਸਮੀ ਹਾਲਾਤ ਵਿੱਚ ਆਈ ਤਬਦੀਲੀਆਂ ਦਾ ਨਤੀਜਾ ਹੈ, ਜਿਸ ਨੂੰ ਮਨੁੱਖੀ ਸਰਗਰਮੀਆਂ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ।
ਸੰਯੁਕਤ ਰਾਸ਼ਟਰ ਦੀ ਵਿਸ਼ੇਸ਼ ਮੁਹਾਰਤ ਰੱਖਣ ਵਾਲੀ ਇਸ ਏਜੰਸੀ/ਸੰਸਥਾ ਨੇ ਕਿਹਾ ਕਿ ਪਾਰੇ ਦਾ ਚੜ੍ਹਨਾ ਤੇ ਮਾਰੂਥਲੀ ਖੇਤਰਾਂ ਵਿੱਚ ਮੀਂਹ ਪੈਣ ਜਿਹੀਆਂ ਵਾਤਾਵਰਨਕ ਤਬਦੀਲੀਆਂ ਤੇ ਚੱਕਰਵਾਤੀ ਤੂਫ਼ਾਨ, ਇਨ੍ਹਾਂ ਟਿੱਡੀਆਂ ਦੇ ਜਣਨ, ਵਿਕਾਸ ਤੇ ਪਰਵਾਸ ਲਈ ਨਵਾਂ ਮਾਹੌਲ ਮੁਹੱਈਆ ਕਰਦੇ ਹਨ। ਫ਼ਸਲਾਂ ਨੂੰ ਖਾਣ ਵਾਲੇ ਟਿੱਡੀ ਦਲ ਨੇ ਹਾਲ ਹੀ ਵਿੱਚ ਮਾਰੂਥਲੀ ਰਾਜਸਥਾਨ, ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਹੱਲਾ ਬੋਲਦਿਆਂ ਦੋ ਦਰਜਨ ਤੋਂ ਵੱਧ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਨੇ ਫਰਵਰੀ ਮਹੀਨੇ ਹਮਲੇ ਮਗਰੋਂ ਐਮਰਜੈਂਸੀ ਐਲਾਨ ਦਿੱਤੀ ਸੀ। ਡਬਲਿਊਐੱਮਓ ਨੇ ਨੇਚਰ ਕਲਾਈਮੇਟ ਚੇਂਜ ਵਿੱਚ ਪ੍ਰਕਾਸ਼ਿਤ ਇਕ ਮਜ਼ਮੂਨ ਦੇ ਹਵਾਲੇ ਨਾਲ ਕਿਹਾ ਕਿ ਮਾਰੂਥਲੀ ਟਿੱਡੀਆਂ ਬਾਈਬਲ ਦੇ ਸਮੇਂ ਤੋਂ ਹਨ ਅਤੇ ਧਰਾਤਲ ’ਤੇ ਇਨ੍ਹਾਂ ਦੇ ਹਾਲੀਆ ਉਭਾਰ ਨੂੰ ਭੂਗੋਲਿਕ ਵੰਡ ਨਾਲ ਜੁੜੇ ਮੌਸਮੀ ਬਦਲਾਅ ਤੇ ਸਿਖਰਲੇ ਮੌਸਮੀ ਵਰਤਾਰਿਆਂ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। -ਪੀਟੀਆਈ