ਟੋਕੀਓ, 28 ਜੁਲਾਈ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਕਿਹਾ ਕਿ ਅੱਜ ਜਦੋਂ ਦੁਨੀਆ ਲੜਾਈਆਂ, ਧਰੁਵੀਕਰਨ ਤੇ ਖੂਨ-ਖਰਾਬੇ ਦਾ ਸਾਹਮਣਾ ਕਰ ਰਹੀ ਹੈ ਤਾਂ ਮਹਾਤਮਾ ਗਾਂਧੀ ਦਾ ਸ਼ਾਂਤੀ ਤੇ ਅਹਿੰਸਾ ਦਾ ਅਮਰ ਸੁਨੇਹਾ ਹੋਰ ਵੀ ਪ੍ਰਸੰਗਿਕ ਹੋ ਜਾਂਦਾ ਹੈ। ਜੈਸ਼ੰਕਰ ਨੇ ਇੱਥੇ ਐਡੋਗਵਾ ਦੇ ਫਰੀਡਮ ਪਲਾਜ਼ਾ ’ਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਹਟਾਉਣ ਮਗਰੋਂ ਇਹ ਗੱਲ ਕਹੀ। ਜੈਸ਼ੰਕਰ ‘ਕੁਆਡ’ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਲਈ ਲਾਓਸ ਤੋਂ ਦੋ ਰੋਜ਼ਾ ਯਾਤਰਾ ’ਤੇ ਅੱਜ ਜਪਾਨ ਪੁੱਜੇ ਹਨ। ਜਪਾਨ ’ਚ ਭਾਰਤੀ ਰਾਜਦੂਤ ਸਿਬੀ ਜੌਰਜ ਨੇ ਉਨ੍ਹਾਂ ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਵਿਦੇਸ਼ ਮੰਤਰੀ ਨੇ ਮਹਾਤਮਾ ਗਾਂਧੀ ਦੇ ਸੁਨੇਹਿਆਂ ਬਾਰੇ ਗੱਲ ਕੀਤੀ।
ਉਨ੍ਹਾਂ ਕਿਹਾ, ‘ਮੈਂ ਅੱਜ ਇਹ ਕਹਿਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਦੁਨੀਆ ’ਚ ਇੰਨਾ ਸੰਘਰਸ਼, ਤਣਾਅ, ਧਰੁਵੀਕਰਨ, ਖੂਨ-ਖਰਾਬਾ ਦੇਖ ਰਹੇ ਹਾਂ ਤਾਂ ਗਾਂਧੀ ਜੀ ਦਾ ਇਹ ਸੁਨੇਹਾ ਬਹੁਤ ਮਹੱਤਵਪੂਰਨ ਹੈ ਕਿ ਹੱਲ ਜੰਗ ਦੇ ਮੈਦਾਨ ’ਚ ਨਹੀਂ ਨਿਕਲਦੇ ਅਤੇ ਕੋਈ ਵੀ ਯੁਗ, ਜੰਗ ਦਾ ਯੁਗ ਨਹੀਂ ਹੋਣਾ ਚਾਹੀਦਾ। ਇਹ ਸੁਨੇਹਾ ਅੱਜ ਵੀ ਓਨਾ ਹੀ ਪ੍ਰਸੰਗਿਕ ਹੈ ਜਿੰਨਾ 80 ਸਾਲ ਪਹਿਲਾਂ ਸੀ।’ ਉਨ੍ਹਾਂ ਕਿਹਾ, ‘ਉਨ੍ਹਾਂ (ਗਾਂਧੀ ਜੀ) ਦਾ ਦੂਜਾ ਸੁਨੇਹਾ ਸਥਿਰਤਾ, ਜਲਵਾਯੂ ਸੰਭਾਲ, ਹਰਿਤ ਵਿਕਾਸ, ਹਰਿਤ ਨੀਤੀਆਂ ਦੇ ਸੰਦਰਭ ਵਿੱਚ ਹੈ। ਗਾਂਧੀ ਜੀ ਸਥਿਰ ਵਿਕਾਸ ਦੇ ਮੂਲ ਪੈਗੰਬਰ ਸਨ।’ ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘ਟੋਕੀਓ ਦੀ ਆਪਣੀ ਯਾਤਰਾ ਦੀ ਸ਼ੁਰੂਆਤ ਐਡੋਗਵਾ ’ਚ ਗਾਂਧੀ ਜੀ ਦੇ ਬੁੱਤ ਤੋਂ ਪਰਦਾ ਹਟਾ ਕੇ ਕੀਤੀ। ਬਾਪੂ ਦੀਆਂ ਪ੍ਰਾਪਤੀਆਂ ਅੱਜ ਵੀ ਸਾਨੂੰ ਪ੍ਰੇਰਿਤ ਕਰਦੀਆਂ ਹਨ ਅਤੇ ਸ਼ਾਂਤੀ ਤੇ ਅਹਿੰਸਾ ਦਾ ਉਨ੍ਹਾਂ ਦਾ ਸੁਨੇਹਾ ਸਰਬਕਾਲੀ ਹੈ। ਉਨ੍ਹਾਂ ਦੇ ਸਿਧਾਂਤ ਅੱਜ ਹੋਰ ਵੀ ਜ਼ਿਆਦਾ ਪ੍ਰਸੰਗਿਕ ਹਨ ਜਦੋਂ ਦੁਨੀਆ ’ਚ ਇੰਨਾ ਸੰਘਰਸ਼, ਤਣਾਅ ਤੇ ਧਰੁਵੀਕਰਨ ਹੈ।’ -ਪੀਟੀਆਈ
ਜੈਸ਼ੰਕਰ ਤੇ ਬਲਿੰਕਨ ਵੱਲੋਂ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਚਰਚਾ
ਟੋਕੀਓ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਬੰਧਾਂ ਦੇ ਨਾਲ ਨਾਲ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ। ਦੋਵਾਂ ਆਗੂਆਂ ਨੇ ਕੁਆਡ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਦੇ ਇੱਕ ਪਾਸੇ ਮੁਲਾਕਾਤ ਕੀਤੀ। ਜੈਸ਼ੰਕਰ ਨੇ ਐਕਸ ’ਤੇ ਲਿਖਿਆ, ‘ਟੋਕੀਓ ’ਚ ਅੱਜ ਵਿਦੇਸ਼ ਮੰਤਰੀ ਬਲਿੰਕਨ ਨਾਲ ਮੁਲਾਕਾਤ ਕਰਕੇ ਬਹੁਤ ਚੰਗਾ ਲੱਗਾ। ਸਾਡਾ ਦੁਵੱਲਾ ਏਜੰਡਾ ਲਗਾਤਾਰ ਅੱਗੇ ਵੱਧ ਰਿਹਾ ਹੈ। ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੱਡੇ ਪੱਧਰ ’ਤੇ ਚਰਚਾ ਹੋਈ। ਕੁਆਡ ਵਿਦੇਸ਼ ਮੰਤਰੀਆਂ ਦੀ ਭਲਕੇ ਹੋਣ ਵਾਲੀ ਮੀਟਿੰਗ ’ਚ ਸ਼ਾਮਲ ਹੋਣ ਲਈ ਉਤਸ਼ਾਹਿਤ ਹਾਂ।’ -ਪੀਟੀਆਈ