ਜੋਹੈਨਸਬਰਗ, 18 ਫਰਵਰੀ
ਵਿਸ਼ਵ ਸਿਹਤ ਸੰਸਥਾ ਦੇ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਅਫਰੀਕਾ ਦੇ ਦੇਸ਼ ਮਲਾਵੀ ਦੀ ਰਾਜਧਾਨੀ ਲਿਲੌਂਗਵੇ ਵਿਚ ਪੋਲੀਓ ਦਾ ਇਕ ਕੇਸ ਮਿਲਿਆ ਹੈ ਜੋ ਕਿ ਇਸ ਬਿਮਾਰੀ ਨੂੰ ਖ਼ਤਮ ਕਰਨ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਲਈ ਇਕ ਧੱਕਾ ਹੈ।
ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਅੱਜ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਧਿਕਾਰੀਆਂ ਨੇ ਲਿਲੌਂਗਵੇ ਵਿਚ ਇਕ ਜਵਾਨ ਬੱਚੇ ਵਿੱਚ ਵਾਈਲਡ ਪੋਲੀਓ ਵਾਇਰਸ ਦੀ ਪਛਾਣ ਕੀਤੀ। ਪਿਛਲੇ ਪੰਜ ਸਾਲਾਂ ਵਿਚ ਅਫਰੀਕੀ ਮਹਾਦੀਪ ਵਿਚ ਪਹਿਲੀ ਵਾਰ ਵਾਈਲਡ ਵਾਇਰਸ ਪਾਇਆ ਗਿਆ ਹੈ। ਹਾਲਾਂਕਿ, ਹਾਲ ਦੇ ਸਾਲਾਂ ਵਿਚ ਕਈ ਅਫਰੀਕੀ ਦੇਸ਼ਾਂ ਵਿਚ ਪੋਲੀਓ ਫੈਲਿਆ ਹੈ। ਉਹ ਮਹਾਮਾਰੀਆਂ ਪੋਲੀਓ ਰੋਕੂ ਟੀਕਿਆਂ ਵਿਚ ਮੌਜੂਦ ਵਾਇਰਸ ਕਾਰਨ ਫੈਲੀਆਂ ਸਨ, ਨਾ ਕਿ ਵਾਈਲਡ ਵਾਇਰਸ ਨਾਲ। ਬਹੁਤ ਘੱਟ ਕੇਸਾਂ ਵਿਚ ਅਜਿਹਾ ਹੁੰਦਾ ਹੈ ਕਿ ਜਦੋਂ ਪੋਲੀਓ ਰੋਕੂ ਦਵਾਈ ਵਿਚ ਮੌਜੂਦ ਵਾਇਰਸ ਅਜਿਹੇ ਸਰੂਪ ਵਿਚ ਤਬਦੀਲ ਹੋ ਜਾਂਦੀ ਹੋਵੇ ਜਿਸ ਕਾਰਨ ਮਹਾਮਾਰੀ ਫੈਲ ਜਾਵੇ, ਖ਼ਾਸ ਕਰ ਕੇ ਉਸ ਆਬਾਦੀ ਵਿਚ ਜਿਸ ਦਾ ਟੀਕਾਕਰਨ ਨਹੀਂ ਕੀਤਾ ਗਿਆ ਹੈ।
ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਲੈਬ ਟੈਸਟ ਦਰਸਾਉਂਦੇ ਹਨ ਕਿ ਮਲਾਵੀ ਵਿਚ ਪਾਇਆ ਗਿਆ ਪੋਲੀਓ ਵਾਇਰਸ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਫੈਲ ਰਹੇ ਸਰੂਪ ਨਾਲ ਸਬੰਧਤ ਹੈ, ਜਿੱਥੇ ਕਿ ਬਿਮਾਰੀ ਅਜੇ ਵੀ ਮੌਜੂਦ ਹੈ। ਵਿਸ਼ਵ ਸਿਹਤ ਸੰਸਥਾ ਦੇ ਅਫ਼ਰੀਕਾ ਦੇ ਮੁਖੀ ਡਾ. ਮਤਸ਼ੀਦਿਸੋ ਮੋਇਤੀ ਨੇ ਕਿਹਾ, ‘‘ਜਦੋਂ ਤੱਕ ਦੁਨੀਆ ਵਿਚ ਕਿਤੇ ਵੀ ਵਾਈਲਡ ਪੋਲੀਓ ਮੌਜੂਦ ਰਹੇਗਾ ਉਦੋਂ ਤੱਕ ਸਾਰੇ ਮੁਲਕਾਂ ਵਿਚ ਵਾਇਰਸ ਦਾ ਖ਼ਤਰਾ ਕਾਇਮ ਰਹੇਗਾ।’’ -ਏਪੀ