ਸੰਯੁਕਤ ਰਾਸ਼ਟਰ, 25 ਜੁਲਾਈ
ਅਤਿਵਾਦ ’ਤੇ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ’ਚ ਖੁਲਾਸਾ ਕੀਤਾ ਗਿਆ ਹੈ ਕਿ ਕੇਰਲ ਤੇ ਕਰਨਾਟਕ ’ਚ ਆਈਐੱਸਆਈਐੱਸ ਅਤਿਵਾਦੀ ਵੱਡੀ ਗਿਣਤੀ ’ਚ ਹੋ ਸਕਦੇ ਹਨ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਮੇਂ ਪਾਕਿਸਤਾਨ ਦੇ ਕਰੀਬ 6000-6500 ਅਤਿਵਾਦੀ ਗੁਆਂਢੀ ਮੁਲਕ ਅਫ਼ਗਾਨਿਸਤਾਨ ’ਚ ਸਰਗਰਮ ਹਨ।
ਆਈਐੱਸਆਈਐੱਸ, ਅਲ-ਕਾਇਦਾ ਤੇ ਇਨ੍ਹਾਂ ਨਾਲ ਸਬੰਧਤ ਵਿਅਕਤੀਆਂ ਤੇ ਸੰਸਥਾਵਾਂ ਬਾਰੇ ਵਿਸ਼ਲੇਸ਼ਣ ਕਰਨ ਵਾਲੀ ਟੀਮ ਦੀ 26ਵੀਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਕੇਰਲਾ ਤੇ ਕਰਨਾਟਕ ’ਚ ਆਈਐੱਸਆਈਐੱਸ ਦੇ ਮੈਂਬਰ ਗੱਡੀ ਗਿਣਤੀ ’ਚ ਮੌਜੂਦ ਹਨ। ਪਿਛਲੇ ਸਾਲ ਮਈ ’ਚ ਇਸਲਾਮਿਕ ਸਟੇਟ ਨੇ ਭਾਰਤ ’ਚ ਨਵਾਂ ਸੂਬਾ ਸਥਾਪਤ ਕਰਨ ਦਾ ਦਾਅਵਾ ਕੀਤਾ ਸੀ। ਇਹ ਕਸ਼ਮੀਰ ’ਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਤੋਂ ਬਾਅਦ ਕੀਤੇ ਗਿਆ ਐਲਾਨ ਸੀ। ਅਤਿਵਾਦੀ ਜਥੇਬੰਦੀ ਨੇ ਆਪਣੀ ਖ਼ਬਰ ਏਜੰਸੀ ‘ਅਮਾਕ’ ਰਾਹੀਂ ਕਿਹਾ ਸੀ ਕਿ ਉਸ ਦੀ ਨਵੀਂ ਬਰਾਂਚ ਦਾ ਅਰਬੀ ਨਾਂ ‘ਵਿਲਾਯਾਹ ਆਫ ਹਿੰਦ’ (ਭਾਰਤ ਸੂਬਾ) ਹੈ।
ਰਿਪੋਰਟ ਅਨੁਸਾਰ ਭਾਰਤੀ ਉੱਪ-ਮਹਾਦੀਪ ’ਚ ਅਲ ਕਾਇਦਾ (ਏਕਿਊਆਈਐੱਸ) ਤਾਲਿਬਾਨ ਤਹਿਤ ਅਫ਼ਗਾਨਿਸਤਾਨ ਦੇ ਨਿਮਰੂਜ਼, ਹੇਲਮੰਦ ਤੇ ਕੰਧਾਰ ਸੂਬਿਆਂ ’ਚ ਕੰਮ ਕਰਦਾ ਹੈ। ਖ਼ਬਰਾਂ ਅਨੁਸਾਰ ਜਥੇਬੰਦੀ ’ਚ ਬੰਗਲਾਦੇਸ਼, ਭਾਰਤ, ਮਿਆਂਮਾਰ ਤੇ ਪਾਕਿਸਤਾਨ ਦੇ 150 ਤੋਂ 200 ਦੇ ਵਿਚਾਲੇ ਮੈਂਬਰ ਹਨ। ਏਕਿਊਆਈਐੱਸ ਦਾ ਮੌਜੂਦਾ ਸਰਗਣਾ ਓਸਾਮਾ ਮਹਿਮੂਦ ਹੈ ਜਿਸ ਨੇ ਮਾਰੇ ਗਏ ਆਸਿਮ ਉਮਰ ਦੀ ਥਾਂ ਲਈ ਹੈ। ਜਥੇਬੰਦੀ ਆਪਣੇ ਸਾਬਕਾ ਹਾਕਮ ਦੀ ਮੌਤ ਦਾ ਬਦਲਾ ਲੈਣ ਲਈ ਖੇਤਰ ’ਚ ਜਵਾਬੀ ਕਾਰਵਾਈ ਦੀ ਸਾਜ਼ਿਸ਼ ਰਚ ਰਹੀ ਹੈ। -ਪੀਟੀਆਈ