ਜੌਹੈਨਸਬਰਗ, 29 ਅਗਸਤ
ਜਪਾਨ ਦੇ ਸਮੁੰਦਰੀ ਜਹਾਜ਼ ’ਚੋਂ ਮਾਰੀਸ਼ਸ਼ ਦੇ ਸਮੁੰਦਰੀ ਪਾਣੀਆਂ ਵਿੱਚ ਤੇਲ ਰਿਸਣ ਕਾਰਨ ਪਿਛਲੇ ਦਿਨਾਂ ਦੌਰਾਨ ਦਰਜਨਾਂ ਡੌਲਫਿਨਜ਼ ਦੇ ਮਰਨ ਦਾ ਪਤਾ ਲੱਗਣ ’ਤੇ ਅੱਜ ਸੈਂਕੜੇ ਲੋਕਾਂ ਨੇ ਰਾਜਧਾਨੀ ਵਿੱਚ ਹਾਰਨ ਅਤੇ ਡਰੰਮ ਵਜਾ ਕੇ ਰੋਸ ਪ੍ਰਦਰਸ਼ਨ ਕੀਤਾ।
ਪ੍ਰਦਰਸ਼ਨਕਾਰੀਆਂ ਨੇ ਦੇਸ਼ ਦੇ ਝੰਡੇ ਲਹਿਰਾਏ ਅਤੇ ਹੱਥਾਂ ਵਿੱਚ ਸੁਨੇਹੇ ਲਿਖੇ ਬੈਨਰ ਫੜੇ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ‘ਤੁਹਾਨੂੰ ਕੋਈ ਸ਼ਰਮ ਨਹੀਂ ਹੈ।’ ਕਰੀਬ ਮਹੀਨਾ ਪਹਿਲਾਂ ਸਮੁੰਦਰੀ ਜਹਾਜ਼ ’ਚ ਤਰੇੜ ਆਊਣ ਕਾਰਨ ਰਿਸੇ ਹਜ਼ਾਰ ਟਨ ਤੋਂ ਵੱਧ ਤੇਲ ਨੇ ਸਮੁੰਦਰੀ ਜੀਵਾਂ ’ਤੇ ਮਾੜਾ ਅਸਰ ਪਾਇਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਮਰੀਆਂ ਹੋਈਆਂ 39 ਡੌਲਫਿਨਜ਼ ਦੀਆਂ ਦੇਹਾਂ ਕਿਨਾਰੇ ਤੋਂ ਮਿਲੀਆਂ ਹਨ ਪ੍ਰੰਤੂ ਇਨ੍ਹਾਂ ਦੇ ਮਰਨ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਕੁਝ ਮਾਹਿਰਾਂ ਨੂੰ ਡਰ ਹੈ ਕਿ ਤੇਲ ਵਿਚਲੇ ਰਸਾਇਣਾਂ ਕਾਰਨ ਸਮੁੰਦਰੀ ਜੀਵਾਂ ਦਾ ਨੁਕਸਾਨ ਹੋਇਆ ਹੈ। -ਏਪੀ