ਪੈਰਿਸ, 1 ਮਈ
ਮਈ ਦਿਵਸ ਮੌਕੇ ਅੱਜ ਯੂਰੋਪ ਦੇ ਕਈ ਸ਼ਹਿਰਾਂ ’ਚ ਕਿਰਤੀਆਂ ਅਤੇ ਟਰੇਡ ਯੂਨੀਅਨਾਂ ਵੱਲੋਂ ਮਾਰਚ ਕੱਢ ਕੇ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ ਗਿਆ। ਫਰਾਂਸ ’ਚ ਕਿਰਤੀਆਂ ਦੇ ਸਨਮਾਨ ’ਚ ਅੱਜ ਛੁੱਟੀ ਰੱਖੀ ਗਈ ਅਤੇ ਰੈਲੀ ਦੌਰਾਨ ਮੁੜ ਤੋਂ ਚੁਣੇ ਗਏ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਖ਼ਿਲਾਫ਼ ਭੜਾਸ ਕੱਢੀ ਗਈ। ਇਟਲੀ ’ਚ ਮਹਾਮਾਰੀ ਦੇ ਦੋ ਸਾਲਾਂ ਬਾਅਦ ਰੋਮ ’ਚ ਵੱਡੇ ਸੰਗੀਤਕ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਦਕਿ ਹੋਰ ਸ਼ਹਿਰਾਂ ’ਚ ਰੈਲੀਆਂ ਅਤੇ ਵਿਰੋਧ ਪ੍ਰਦਰਸਨ ਕੀਤੇ ਗਏ। ਰੈਲੀਆਂ ਦੌਰਾਨ ਰੂਸ ਨੂੰ ਯੂਕਰੇਨ ’ਚ ਜੰਗ ਖ਼ਤਮ ਕਰਨ ਦਾ ਸੱਦਾ ਵੀ ਦਿੱਤਾ ਗਿਆ। ਸਲੋਵਾਕੀਆ ਅਤੇ ਚੈੱਕ ਰਿਪਬਲਿਕ ਸਮੇਤ ਹੋਰ ਕਈ ਮੁਲਕਾਂ ’ਚ ਵਿਦਿਆਰਥੀਆਂ ਅਤੇ ਹੋਰਾਂ ਨੇ ਯੂਕਰੇਨ ਦੀ ਹਮਾਇਤ ’ਚ ਰੈਲੀ ਕੀਤੀ। ਉਧਰ ਕਮਿਊਨਿਸਟਾਂ ਅਤੇ ਯੂਰੋਪੀਅਨ ਯੂਨੀਅਨ ਵਿਰੋਧੀ ਧੜਿਆਂ ਨੇ ਵੀ ਆਪਣੇ ਆਪਣੇ ਇਕੱਠ ਕੀਤੇ। ਫਰਾਂਸ ’ਚ ਮਈ ਦਿਵਸ ਮੌਕੇ ਕੀਤੀਆਂ ਗਈਆਂ ਰੈਲੀਆਂ ਦੌਰਾਨ ਮੈਕਰੌਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਉਨ੍ਹਾਂ ਦਾ ਦੂਜਾ ਕਾਰਜਕਾਲ ਚੁਣੌਤੀਆਂ ਭਰਪੂਰ ਹੋਵੇਗਾ। ਵਿਰੋਧੀ ਧਿਰਾਂ ਉਨ੍ਹਾਂ ਦੀ ਸਰਕਾਰ ਦੇ ਬਹੁਮਤ ਨੂੰ ਤੋੜਨ ਦਾ ਯਤਨ ਕਰ ਰਹੀਆਂ ਹਨ। ਉਥੇ ਜੂਨ ’ਚ ਸਥਾਨਕ ਚੋਣਾਂ ਹਨ। ਉਂਜ ਮੈਕਰੌਂ ਖ਼ਿਲਾਫ਼ ਚੋਣ ਲੜਨ ਵਾਲੀ ਮੈਰਿਨੇ ਲੀ ਪੇਨ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ ਜਦਕਿ ਨੈਸ਼ਨਲ ਰੈਲੀ ਪਾਰਟੀ ਦੇ ਅੰਤਰਿਮ ਪ੍ਰਧਾਨ ਜਾਰਡਨ ਬਾਰਡੇਲਾ ਨੇ ਕਿਹਾ ਕਿ ਫਰਾਂਸ ’ਚ ਅਜੇ ਵੋਟਿੰਗ ਖ਼ਤਮ ਨਹੀਂ ਹੋਈ ਹੈ ਅਤੇ ਲੋਕ ਮੈਕਰੌਂ ਨੂੰ ਪੂਰੀ ਸੱਤਾ ਨਹੀਂ ਸੌਂਪਣਗੇ। -ਏਪੀ