ਸ੍ਰੀਨਗਰ: ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫ਼ਤੀ ਤੇ ਜੰਮੂ ਕਸ਼ਮੀਰ ਪੁਲੀਸ ਵਿਚਾਲੇ ਅੱਜ ਟਵਿੱਟਰ ’ਤੇ ਤਕਰਾਰ ਹੋ ਗਿਆ। ਮੁਫ਼ਤੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ ਹੈ ਤੇ ਕਸ਼ਮੀਰ ਦੇ ਉੱਤਰੀ ਹਿੱਸਿਆਂ ਦਾ ਦੌਰਾ ਨਹੀਂ ਕਰਨ ਦਿੱਤਾ ਜਾ ਰਿਹਾ ਹੈ। ਪੁਲੀਸ ਨੇ ਪੀਡੀਪੀ ਮੁਖੀ ਦੇ ਦਾਅਵਿਆਂ ਦਾ ਖੰਡਨ ਕੀਤਾ ਹੈ ਤੇ ਕਿਹਾ ਹੈ ਕਿ ਉਹ ਕਿਤੇ ਵੀ ਜਾਣ ਲਈ ਆਜ਼ਾਦ ਹਨ। ਮਹਬਿੂਬਾ ਨੇ ਦਾਅਵਾ ਕੀਤਾ ਕਿ ਕੇਂਦਰੀ ਮੰਤਰੀ ਅਮਿਤ ਸ਼ਾਹ ਸ੍ਰੀਨਗਰ ਤੋਂ 54 ਕਿਲੋਮੀਟਰ ਦੂਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜਾ ਰਹੇ ਸਨ। ਗ੍ਰਹਿ ਮੰਤਰੀ ਨੇ ਉੱਥੇ ਰੈਲੀ ਨੂੰ ਸੰਬੋਧਨ ਕਰਨਾ ਸੀ, ਪਰ ਉਨ੍ਹਾਂ (ਮਹਬਿੂਬਾ) ਨੂੰ ਉੱਧਰ ਜਾਣ ਤੋਂ ਰੋਕ ਦਿੱਤਾ ਗਿਆ। ਮੁਫ਼ਤੀ ਨੇ ਕਿਹਾ ਕਿ ਉਨ੍ਹਾਂ ਪੱਟਨ ਵਿਚ ਇਕ ਪਾਰਟੀ ਵਰਕਰ ਦੇ ਵਿਆਹ ਵਿਚ ਸ਼ਾਮਲ ਹੋਣਾ ਸੀ। ਮਹਬਿੂਬਾ ਨੇ ਆਪਣੇ ਘਰ ਦੇ ਗੇਟ ਦੀਆਂ ਫੋਟੋਆਂ ਵੀ ਪੋਸਟ ਕੀਤੀਆਂ ਜਿਨ੍ਹਾਂ ਵਿਚ ਕਥਿਤ ਤੌਰ ’ਤੇ ਘਰ ਨੂੰ ਤਾਲਾ ਲੱਗਾ ਹੋਇਆ ਹੈ। -ਪੀਟੀਆਈ