ਨਵੀਂ ਦਿੱਲੀ, 8 ਅਪਰੈਲ
ਅਮਰੀਕਾ ਦੀ ਸਾਬਕਾ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਆਪਣੀ ਆਤਮਕਥਾ ‘ਬਿਕਮਿੰਗ’ ਦਾ ਨੌਜਵਾਨ ਪਾਠਕਾਂ ਲਈ ਨਵਾਂ ਐਡੀਸ਼ਨ ਕੱਢਿਆ ਹੈ। ਪਫਿਨ ਵੱਲੋਂ ਪ੍ਰਕਾਸ਼ਿਤ ‘ਬਿਕਮਿੰਗ: ਅਡੈਪਟਿਡ ਫਾਰ ਯੰਗਰ ਰੀਡਰਜ਼’ ’ਚ ਉਨ੍ਹਾਂ ਨਵੀਂ ਪ੍ਰਸਤਾਵਨਾ ਲਿਖੀ ਹੈ। ਨੌਜਵਾਨ ਪਾਠਕਾਂ ਨੂੰ ਮਿਸ਼ੇਲ ਨੇ ਕਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਹਰ ਕੌੜੇ-ਮਿੱਠੇ ਪਲਾਂ ਦੀ ਕਹਾਣੀ ਉਨ੍ਹਾਂ ਨਾਲ ਸਾਂਝੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਾਦਾਂ ’ਚ ਵੱਡੇ ਗਾਊਨ ਪਾਉਣ ਜਾਂ ਹੋਰ ਮੁਲਕਾਂ ਵੱਲੋਂ ਦਿੱਤੇ ਗਏ ਸ਼ਾਹੀ ਭੋਜਨਾਂ ਦਾ ਜ਼ਿਕਰ ਨਹੀਂ ਸਗੋਂ ਛੋਟੀਆਂ ਗੱਲਾਂ ਜਿਵੇਂ ਮੇਰੇ ਦਾਦੇ ਵੱਲੋਂ ਰਿਕਾਰਡ ਪਲੇਅਰ ’ਤੇ ਆਪਣੀ ਪਸੰਦੀਦਾ ਐਲਬਮ ਲਗਾ ਕੇ ਗਾਣਾ ਸੁਣਦਿਆਂ ਖੁਸ਼ ਹੋਣਾ, ਮੇਰੀ ਮਾਂ ਜਦੋਂ ਘਰ ਸਾਫ ਕਰਦੀ ਸੀ ਤਾਂ ਉਸ ’ਚੋਂ ਆਉਣੀ ਵਾਲੀ ਗੰਧ, ਸ਼ਿਕਾਗੋ ਦੀਆਂ ਸਰਦੀਆਂ ’ਚ ਕਾਰ ਦੇ ਸ਼ੀਸ਼ੇ ’ਤੇ ਬਰਫ਼ ਦੇ ਤਿਲਕਣ ਦੀ ਆਵਾਜ਼ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਿਤਾਬ ਲਿਖਣ ਸਮੇਂ ਉਸ ਨੂੰ ਅਹਿਸਾਸ ਹੋਇਆ ਕਿ ਕੋਈ ਵੀ ਯਾਦ ਛੋਟੀ ਨਹੀਂ ਹੁੰਦੀ ਹੈ ਅਤੇ ਹਰ ਕਹਾਣੀ ਦਾ ਕੋਈ ਨਾ ਕੋਈ ਮਾਇਨਾ ਜ਼ਰੂਰ ਹੁੰਦਾ ਹੈ। ਮਿਸ਼ੇਲ ਨੇ ਆਸ ਜਤਾਈ ਕਿ ਉਸ ਦੀ ਕਹਾਣੀ ਪੜ੍ਹਨ ਵਾਲੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਵੱਲ ਵੀ ਦੇਖਣਗੇ ਕਿਉਂਕਿ ਇਹ ਸਭ ਤੋਂ ਖੂਬਸੂਰਤ ਤੋਹਫ਼ਾ ਹੋਣਗੇ। -ਪੀਟੀਆਈ