ਵਾਸ਼ਿੰਗਟਨ, 1 ਅਗਸਤ
ਮੀਡੀਆ ਰਿਪੋਰਟਾਂ ਅਨੁਸਾਰ ਤਕਨੀਕੀ ਖੇਤਰ ਦੀ ਵੱਡੀ ਕੰਪਨੀ ਮਾਈਕਰੋਸਾਫਟ ਟਿੱਕਟੌਕ ਦੇ ਅਮਰੀਕੀ ਕੰਮਕਾਰ ਨੂੰ ਐਕੁਆਇਰ ਕਰਨ ਬਾਰੇ ਗੱਲਬਾਤ ਕਰ ਰਹੀ ਹੈ ਜਦਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਚੀਨ ਦੀ ਮਾਲਕੀ ਵਾਲੇ ਇਸ ਵੀਡੀਓ ਐਪ ’ਤੇ ਪਾਬੰਦੀ ਲਾਉਣ ’ਤੇ ਵਿਚਾਰ ਕਰ ਰਿਹਾ ਹੈ।
ਟਰੰਪ ਨੇ ਵ੍ਹਾਈਟ ਹਾਊਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਟਿੱਕਟੌਕ ਬਾਰੇ ਵਿਚਾਰ ਚਰਚਾ ਕਰ ਰਹੇ ਹਾਂ ਅਤੇ ਸੰਭਵ ਹੈ ਕਿ ਅਸੀਂ ਟਿਕਟੌਕ ’ਤੇ ਪਾਬੰਦੀ ਲਗਾਵਾਂਗੇ।’ ਭਾਰਤ ਨੇ ਟਿਕਟੌਕ ਸਮੇਤ 106 ਚੀਨੀ ਐਪਾਂ ’ਤੇ ਪਾਬੰਦੀ ਲਗਾਈ ਸੀ ਅਤੇ ਇਸ ਕਦਮ ਦਾ ਅਮਰੀਕੀ ਪ੍ਰਸ਼ਾਸਨ ਤੇ ਸੰਸਦ ਮੈਂਬਰਾਂ ਦੋਵਾਂ ਨੇ ਸਵਾਗਤ ਕੀਤਾ ਸੀ। ਟਰੰਪ ਨੇ ਇੱਕ ਸਵਾਲ ਦੇ ਜਵਾਬ ’ਚ ਕਿਹਾ, ‘ਅਸੀਂ ਕੁਝ ਹੋਰ ਚੀਜ਼ਾਂ ਵੀ ਕਰ ਸਕਦੇ ਹਾਂ। ਕਈ ਬਦਲ ਹਨ ਪਰ ਇਸ ਵਿਚਾਲੇ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਹਨ ਤੇ ਦੇਖਣਾ ਹੋਵੇਗਾ ਕਿ ਕੀ ਹੁੰਦਾ ਹੈ। ਪਰ ਟਿਕਟੌਕ ਦੇ ਮਾਮਲੇ ’ਚ ਅਸੀਂ ਬਹੁਤ ਸਾਰੇ ਬਦਲ ਦੇਖ ਰਹੇ ਹਾਂ।’‘ਵਾਲ ਸਟਰੀਟ ਜਰਨਲ’ ਦੀਆਂ ਰਿਪੋਰਟਾਂ ਅਨੁਸਾਰ ਭਾਰਤੀ ਮੂਲ ਦੇ ਅਮਰੀਕੀ ਸੱਤਿਆ ਨਡੇਲਾ ਦੀ ਅਗਵਾਈ ਵਾਲੀ ਕੰਪਨੀ ਮਾਈਕਰੋਸਾਫਟ ਟਿਕਟੌਕ ਦੇ ਅਮਰੀਕੀ ਕੰਮਕਾਰ ਨੂੰ ਐਕੁਆਇਰ ਕਰਨ ਦੀ ਵਾਰਤਾ ’ਚ ਕਾਫੀ ਅੱਗੇ ਵੱਧ ਚੁੱਕੀ ਹੈ ਤੇ ਇਹ ਸੌਦਾ ਅਰਬਾਂ ਡਾਲਰ ਦਾ ਹੋ ਸਕਦਾ ਹੈ। -ਪੀਟੀਆਈ