ਵਾਸ਼ਿੰਗਟਨ, 30 ਮਾਰਚ
ਅਮਰੀਕਾ ਨੇ ਫ਼ੌਜੀ ਰਾਜ ਪਲਟੇ ਮਗਰੋਂ ਪ੍ਰਦਰਸ਼ਨਕਾਰੀਆਂ ਨੂੰ ਹਿੰਸਕ ਢੰਗ ਨਾਲ ਦਬਾਉਣ ਖ਼ਿਲਾਫ਼ ਮਿਆਂਮਾਰ ਨਾਲ ਜਮਹੂਰੀ ਸਰਕਾਰ ਦੀ ਬਹਾਲੀ ਤੱਕ ਵਪਾਰਕ ਸਮਝੌਤੇ ਰੱਦ ਕਰ ਦਿੱਤੇ ਹਨ। ਦੱਖਣ-ਪੂਰਬੀ ਏਸ਼ਿਆਈ ਦੇਸ਼ ਦੀ ਫ਼ੌਜ ਨੇ ਚੁਣੀ ਹੋਈ ਸਰਕਾਰ ਦਾ ਪਹਿਲੀ ਫਰਵਰੀ ਨੂੰ ਰਾਜ ਪਲਟਾ ਕਰ ਕੇ ਆਂਗ ਸਾਂ ਸੂ ਕੀ ਸਣੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ। ਬਰਮਾ ਦੇ ਨਾਂਅ ਨਾਲ ਮਸ਼ਹੂਰ ਇਸ ਦੇਸ਼ ਦੇ ਲੋਕ ਫ਼ੌਜੀ ਰਾਜ ਪਲਟੇ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਸੁਰੱਖਿਆਂ ਬਲਾਂ ਵੱਲੋਂ ਕੀਤੀਆਂ ਜਾ ਰਹੀਆਂ ਹਿੰਸਕ ਕਾਰਵਾਈਆਂ ਦੌਰਾਨ ਕਈ ਪ੍ਰਦਰਸ਼ਨਕਾਰੀ ਮਾਰੇ ਗਏ ਹਨ। ਅਮਰੀਕਾ ਦੇ ਵਪਾਰਕ ਨੁਮਾਇੰਦੇ ਕੈਥਰੀਨ ਟਾਇ ਨੇ ਇੱਕ ਬਿਆਨ ਵਿੱਚ ਕਿਹਾ, ‘‘ਅਮਰੀਕਾ ਜਮਹੂਰੀ ਤੌਰ ’ਤੇ ਚੁਣੀ ਹੋਈ ਸਰਕਾਰ ਦੀ ਬਹਾਲੀ ਲਈ ਕੋਸ਼ਿਸ਼ਾਂ ਵਿੱਚ ਜੁਟੇ ਬਰਮਾ ਦੇ ਲੋਕਾਂ ਦੀ ਹਮਾਇਤ ਕਰਦਾ ਹੈੈ ਅਤੇ ਸੁਰੱਖਿਆ ਫੋਰਸਾਂ ਵੱਲੋਂ ਨਾਗਰਿਕਾਂ ’ਤੇ ਕੀਤੀ ਜਾ ਰਹੀ ਬੇਰਹਿਮ ਹਿੰਸਾ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ।’’ ਟਾਇ ਦੇ ਦਫ਼ਤਰ ਨੇ ਕਿਹਾ ਕਿ ਵਪਾਰ ਅਤੇ ਨਿਵੇਸ਼ ਬਾਰੇ ਜਿਹੜਾ ਸਮਝੌਤਾ ਕੀਤਾ ਸੀ, ਉਹ ਤੁਰੰਤ ਰੱਦ ਕੀਤਾ ਜਾਂਦਾ ਹੈ। -ਏਪੀ