ਪੇਈਚਿੰਗ, 14 ਮਾਰਚ
ਚੀਨ ਨੇ ਅੱਜ ਕਿਹਾ ਕਿ ਜਿੰਨੀ ਛੇਤੀ ਸੰਭਵ ਹੋ ਸਕੇ ਭਾਰਤ ਅਤੇ ਪਾਕਿਸਤਾਨ ਨੂੰ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਹਾਲ ਵਿੱਚ ਹੀ ਭਾਰਤ ਵੱਲੋਂ ਗਲਤੀ ਨਾਲ ਚੱਲੀ ਮਿਜ਼ਾਈਲ ਪਾਕਿਸਤਾਨ ਦੇ ਸੂਬਾ ਪੰਜਾਬ ਵਿੱਚ ਡਿੱਗਣ ਦੇ ਮਾਮਲੇ ਦੀ ‘ਡੂੰਘੀ ਜਾਂਚ’ ਸ਼ੁਰੂ ਕਰਨੀ ਚਾਹੀਦੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਯਾਓ ਲਿਜੀਆਨ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪਾਕਿਸਤਾਨ ਅਤੇ ਭਾਰਤ ਦੱਖਣ ਏਸ਼ੀਆ ਦੇ ਮੁੱਖ ਦੇਸ਼ ਹਨ ਅਤੇ ਖੇਤਰੀ ਸੁਰੱਖਿਆ ਤੇ ਸਥਿਰਤਾ ਬਣਾਈ ਰੱਖਣ ਲਈ ਸਾਂਝੀ ਜ਼ਿੰਮੇਵਾਰੀ ਰੱਖਦੇ ਹਨ।
ਭਾਰਤੀ ਮਿਜ਼ਾਈਲ ਗਲਤੀ ਨਾਲ ਚੱਲਣ ਸਬੰਧੀ ਚੀਨ ਦੀ ਪ੍ਰਤੀਕਿਰਿਆ ਬਾਰੇ ਇੱਕ ਪਾਕਿਸਤਾਨੀ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਅਸੀਂ ਸਬੰਧਤ ਜਾਣਕਾਰੀ ’ਤੇ ਗੌਰ ਕੀਤਾ ਹੈ।’’ ਲਿਜੀਆਨ ਨੇ ਕਿਹਾ, ‘‘ਅਸੀਂ ਦੋਵਾਂ ਸਬੰਧਤ ਮੁਲਕਾਂ ਨੂੰ ਜਿੰਨੀ ਛੇਤੀ ਸੰਭਵ ਹੋ ਸਕੇ ਗੱਲਬਾਤ ਕਰਨ ਅਤੇ ਇਸ ਘਟਨਾ ਦੀ ਡੂੰਘੀ ਜਾਂਚ ਸ਼ੁਰੂ ਕਰਨ, ਜਾਣਕਾਰੀ ਸਾਂਝੀ ਕਰਨ, ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਨਾ ਹੋਣ ਦੇਣਾ ਯਕੀਨੀ ਬਣਾਉਣ ਅਤੇ ਗਲਤ ਅਟਕਲਾਂ ਨੂੰ ਰੋਕਣ ਲਈ ਇੱਕ ਨੋਟੀਫਿਕੇਸ਼ਨ ਪ੍ਰਣਾਲੀ ਸਥਾਪਤ ਕਰਨ ਦੀ ਅਪੀਲ ਕਰਦੇ ਹਾਂ।’’
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਭਾਰਤ ਸਰਕਾਰ ਨੇ ਕਿਹਾ ਸੀ ਕਿ ਦੋ ਦਿਨ ਪਹਿਲਾਂ (9 ਮਾਰਚ ਨੂੰ) ਗਲਤੀ ਨਾਲ ਇੱਕ ਮਿਜ਼ਾਈਲ ਚੱਲ ਗਈ ਸੀ, ਜਿਹੜੀ ਪਾਕਿਸਤਾਨ ਵਿੱਚ ਡਿੱਗੀ ਅਤੇ ਇਹ ‘ਅਫਸੋਸਨਾਕ’ ਘਟਨਾ ਤਕਨੀਕੀ ਖਰਾਬੀ ਕਾਰਨ ਹੋਈ ਸੀ। ਰੱਖਿਆ ਮੰਤਰਾਲੇ ਵੱਲੋਂ ਘਟਨਾ ਦੀ ਜਾਂਚ ਦੇ ਹੁਕਮ ਵੀ ਦਿੱਤੇ ਜਾ ਚੁੱਕੇ ਹਨ। ਜਦਕਿ ਸ਼ਨਿਚਰਵਾਰ ਨੂੰ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਪੰਜਾਬ ਸੂਬੇ ਵਿੱਚ ਮਿਜ਼ਾਈਲ ਡਿੱਗਣ ਦੇ ਮਾਮਲੇ ’ਤੇ ਭਾਰਤ ਵੱਲੋਂ ਦਿੱਤੇ ਗਏ ‘ਸਧਾਰਨ ਸਪੱਸ਼ਟੀਕਰਨ’ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਸ ਨੇ ਤੱਥਾਂ ਦਾ ਪਤਾ ਲਾਉਣ ਲਈ ਸਾਂਝੀ ਜਾਂਚ ਦੀ ਮੰਗ ਕੀਤੀ ਸੀ। -ਪੀਟੀਆਈ