ਬਾਨਯੂਵਾਂਗੀ (ਇੰਡੋਨੇਸ਼ੀਆ): ਇੰਡੋਨੇਸ਼ੀਆ ਦੀ ਜਲ ਸੈਨਾ ਨੂੰ ਅੱਜ 53 ਵਿਅਕਤੀਆਂ ਸਣੇ ਲਾਪਤਾ ਹੋਈ ਪਣਡੁੱਬੀ ਦਾ ਸਾਮਾਨ ਲੱਭਿਆ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹ ਪਣਡੁੱਬੀ ਡੁੱਬ ਗਈ ਅਤੇ ਇਸ ਘਟਨਾ ਵਿਚ ਕਿਸੇ ਦੇ ਬਚਣ ਦੀ ਆਸ ਘੱਟ ਹੀ ਹੈ। ਜਲ ਸੈਨਾ ਮੁਖੀ ਯੁਦੋ ਮਾਰਗੋਨੋ ਨੇ ਕਿਹਾ ਕਿ ਬਚਾਅ ਦਲ ਦੇ ਮੈਂਬਰਾਂ ਨੂੰ ਕੇਆਰਆਈ ਨਾਂਗਲਾ 402 ਪਣਡੁੱਬੀ ਦਾ ਕਾਫੀ ਸਾਮਾਨ ਲੱਭਿਆ ਹੈ। ਇਹ ਪਣਡੁੱਬੀ ਬੁੱਧਵਾਰ ਨੂੰ ਬਾਲੀ ਦੀਪ ਤੋਂ ਲਾਪਤਾ ਹੋ ਗਈ ਸੀ। ਬਾਲੀ ਵਿਚ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਾਰਗੋਨੋ ਨੇ ਕਿਹਾ, ‘‘ਅਜਿਹਾ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਿਲੀਆਂ ਵਸਤਾਂ ਲਾਪਤਾ ਪਣਡੁੱਬੀ ਦੀਆਂ ਹਨ, ਇਸ ਵਾਸਤੇ ਹੁਣ ਅਸੀਂ ਪਣਡੁੱਬੀ ਨੂੰ ਲਾਪਤਾ ਨਾ ਮੰਨ ਕੇ ਡੁੱਬੀ ਹੋਈ ਮੰਨ ਰਹੇ ਹਨ।’’ ਪਹਿਲਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਸ਼ਨਿਚਰਵਾਰ ਤੋਂ ਪਹਿਲਾਂ ਹੀ ਪਣਡੁੱਬੀ ਦੀ ਆਕਸੀਜਨ ਸਪਲਾਈ ਖ਼ਤਮ ਹੋ ਗਈ ਸੀ। ਪਹਿਲਾਂ ਇੰਡੋਨੇਸ਼ੀਆ ਇਸ ਪਣਡੁੱਬੀ ਨੂੰ ਲਾਪਤਾ ਹੀ ਮੰਨ ਰਿਹਾ ਸੀ। -ਏਪੀ