ਮਏ ਸੈਮ ਲੈਪ, 31 ਮਾਰਚ
ਮਿਆਂਮਾਰ ਦੀ ਫ਼ੌਜ ਨੇ ਮੁਲਕ ਦੇ ਪੂਰਬੀ ਖੇਤਰ ਵਿਚ ਹੋਰ ਹਵਾਈ ਹਮਲੇ ਕੀਤੇ ਹਨ। ਇਸ ਤੋਂ ਪਹਿਲਾਂ ਕੀਤੇ ਗਏ ਹਮਲਿਆਂ ਤੋਂ ਬਾਅਦ ਕਾਰੇਨ ਨਸਲ ਦੇ ਹਜ਼ਾਰਾਂ ਲੋਕਾਂ ਨੂੰ ਥਾਈਲੈਂਡ ਵੱਲ ਭੱਜਣਾ ਪਿਆ ਹੈ। ‘ਜੁੰਟਾ’ ਵੱਲੋਂ ਕੀਤੇ ਰਾਜ ਪਲਟੇ ਤੋਂ ਬਾਅਦ ਹਿੰਸਾ ਵਧਦੀ ਹੀ ਜਾ ਰਹੀ ਹੈ। ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਹਫ਼ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਜਿਹੜੇ ਲੋਕ ਉਨ੍ਹਾਂ ਦੇ ਮੁਲਕ ਵਿਚ ਦਾਖ਼ਲ ਹੋਏ ਸਨ, ਉਹ ਆਪਣੇ ਆਪ ਹੀ ਵਾਪਸ ਚਲੇ ਗਏ ਹਨ। ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਵਾਪਸ ਜਾਣ ਲਈ ਨਹੀਂ ਕਿਹਾ। ਪੂਰਬੀ ਮਿਆਂਮਾਰ ਵਿਚ ਸਥਿਤੀ ਖ਼ਤਰਨਾਕ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਕਾਰੇਨ ਘੱਟ ਗਿਣਤੀਆਂ ਦੇ ਨਾਲ ਮਿਆਂਮਾਰ ਦੀ ਫ਼ੌਜ ਨੇ ਗੋਲੀਬੰਦੀ ਦਾ ਸਮਝੌਤਾ ਕੀਤਾ ਹੋਇਆ ਸੀ। ਪਹਿਲੀ ਫਰਵਰੀ ਨੂੰ ਹੋਏ ਫ਼ੌਜੀ ਰਾਜ ਪਲਟੇ ਖ਼ਿਲਾਫ਼ ਮਿਆਂਮਾਰ ਦੇ ਵੱਖ-ਵੱਖ ਵੱਡੇ ਸ਼ਹਿਰਾਂ ਵਿਚ ਲੋਕਾਂ ਵੱਲੋਂ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਮੁਲਕ ਦੇ ਸ਼ਹਿਰ ਦਾਵੇਈ ਦੀ ਤਕਨੀਕੀ ’ਵਰਸਿਟੀ ਦੇ ਇੰਜਨੀਅਰਾਂ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਵੀ ਅੱਜ ਰੋਸ ਮਾਰਚ ਕੀਤਾ। ਦੱਸਣਯੋਗ ਹੈ ਕਿ ਮੰਗਲਵਾਰ ਕੀਤੇ ਗਏ ਹਵਾਈ ਹਮਲਿਆਂ ਵਿਚ ਛੇ ਨਾਗਰਿਕ ਮਾਰੇ ਗਏ ਸਨ ਤੇ 11 ਹੋਰ ਜ਼ਖ਼ਮੀ ਹੋ ਗਏ ਸਨ। ਹਿੰਸਾ ਵਿਚ ਹੁਣ ਤੱਕ 500 ਤੋਂ ਵੱਧ ਮੁਜ਼ਾਹਰਾਕਾਰੀ ਮਾਰੇ ਜਾ ਚੁੱਕੇ ਹਨ। -ਏਪੀ
ਕਾਚਿਨ ਘੱਟਗਿਣਤੀ ਵੱਲੋਂ ਪੁਲੀਸ ਚੌਕੀ ’ਤੇ ਹਮਲਾ
ਕਾਚਿਨ ਘੱਟ ਗਿਣਤੀਆਂ ਨੇ ਅੱਜ ਉੱਤਰੀ ਮਿਆਂਮਾਰ ਵਿਚ ਇਕ ਪੁਲੀਸ ਚੌਕੀ ’ਤੇ ਗੁਰੀਲਾ ਹੱਲਾ ਬੋਲ ਦਿੱਤਾ। ਕਾਰੇਨ ਗੁਰੀਲਿਆਂ ਨੇ ਵੀ ਸ਼ਨਿਚਰਵਾਰ ਇਕ ਫ਼ੌਜੀ ਚੌਕੀ ਉਤੇ ਹਮਲਾ ਕਰ ਦਿੱਤਾ ਸੀ ਤੇ ਇਸ ਉਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਹੀ ਇਸ ਘੱਟ ਗਿਣਤੀ ਨਸਲ ਉਤੇ ਹਵਾਈ ਹਮਲੇ ਕੀਤੇ ਗਏ।