ਨਿਊਯਾਰਕ/ਜਨੇਵਾ, 25 ਮਈ
ਆਲਮੀ ਸਿਹਤ ਸੰਸਥਾ (ਡਬਲਿਯੂਐੱਚਓ) ਨੇ ਕਿਹਾ ਹੈ ਕਿ ਕੋਵਿਡ-19 ਦੇ ਇਲਾਜ ਲਈ ਆਪਣੀ ਵੈਕਸੀਨ ‘ਕੋਵੈਕਸੀਨ’ ਨੂੰ ‘ਸੰਕਟਕਾਲੀ ਵਰਤੋਂ ਸੂਚੀ’ (ਈਯੂਐੱਲ) ਵਿੱਚ ਸ਼ਾਮਲ ਕਰਨ ਦੀ ਇਜਾਜ਼ਤ ਮੰਗ ਰਹੀ ਭਾਰਤ ਬਾਇਓਟੈੱਕ ਤੋਂ ਹੋਰ ਜਾਣਕਾਰੀ ਲੋੜੀਂਦੀ ਹੈ। ਸੰਸਥਾ ਦੀ ਵੈੱਬਸਾਈਟ ’ਤੇ 18 ਮਈ ਨੂੰ ਪਏ ਤਾਜ਼ਾ ਗਾਈਡੈਂਸ ਡਾਕਿਊਮੈਂਟ (ਸਟੇਟਸ ਆਫ਼ ਕੋਵਿਡ- 19 ਵੈਕਸੀਨ ਵਿਦ ਇਨ ਡਬਲਿਯੂ ਐੱਚਓ ਈਯੂਐੱਲ/ਪੀਕਿਊ ਇਵੈਲੂਏਸ਼ਨ ਪ੍ਰੋਸੈੱਸ) ਮੁਤਾਬਕ ਭਾਰਤ ਬਾਇਓਟੈੱਕ ਨੇ 19 ਅਪਰੈਲ ਨੂੰ ਈਓਆਈ (ਰੁਚੀ ਦਾ ਪ੍ਰਗਟਾਵਾ) ਦਾਖ਼ਲ ਕੀਤਾ ਸੀ। ਸੰਸਥਾ ਨੇ ਕਿਹਾ ਕਿ ਕੰਪਨੀ ਤੋਂ ਹੋਰ ਜਾਣਕਾਰੀ ਲੋੜੀਂਦੀ ਹੈ। ਇਸ ਦਸਤਾਵੇਜ਼ ਮੁਤਾਬਕ ਮਈ-ਜੂਨ 2021 ਵਿੱਚ ਇੱਕ ਮੀਟਿੰਗ ਹੋਣ ਦੀ ਸੰਭਾਵਨਾ ਹੈ। ਡਬਲਿਯੂਐੱਚਓ ਮੁਤਾਬਕ ਕਿਸੇ ਵੈਕਸੀਨ ਸਬੰਧੀ ਮਨਜ਼ੂਰੀ ਲੈਣ ਲਈ ਲਾਜ਼ਮੀ- ਪੂਰਬ ਯੋਗਤਾ (ਪੀਕਿਊ) ਜਾਂ ‘ਸੰਕਟਕਾਲੀ ਵਰਤੋਂ ਸੂਚੀ’ (ਈਯੂਐੱਲ) ਵਿੱਚ ਸ਼ਾਮਲ ਹੋਣ ਲਈ ਜਮ੍ਹਾਂ ਕਰਵਾਏ ਜਾਂਦੇ ਦਸਤਾਵੇਜ਼ ਗੁਪਤ ਰੱਖੇ ਜਾਂਦੇ ਹਨ। ਜੇਕਰ ਮੁਲਾਂਕਣ ਲਈ ਜਮ੍ਹਾਂ ਕਰਵਾਇਆ ਗਿਆ ਕੋਈ ਉਤਪਾਦ ਇਸ ਸੂਚੀ ਵਿੱਚ ਸ਼ਾਮਲ ਹੋਣ ਲਈ ਬਣੇ ਪੈਮਾਨੇ ’ਤੇ ਖ਼ਰਾ ਉਤਰਦਾ ਹੈ ਤਾਂ ਸੰਸਥਾ ਵੱਲੋਂ ਇਸਦੇ ਨਤੀਜੇ ਵੱਡੇ ਪੱਧਰ ’ਤੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਸੰਸਥਾ ਮੁਤਾਬਕ ਸੰਕਟਕਾਲੀ ਵਰਤੋਂ ਸੂਚੀ ਵਿੱਚ ਸ਼ਾਮਲ ਹੋਣ ਦੀ ਪ੍ਰਕਿਰਿਆ ਦੀ ਮਿਆਦ ਵੈਕਸੀਨ ਨਿਰਮਾਤਾ ਕੰਪਨੀ ਵੱਲੋਂ ਜਮ੍ਹਾਂ ਕਰਵਾਏ ਗਏ ਅੰਕੜਿਆਂ ਦੀ ਗੁਣਵੱਤਾ ਤੇ ਆਲਮੀ ਸਿਹਤ ਸੰਸਥਾ ਦੇ ਪੈਮਾਨੇ ’ਤੇ ਖਰੇ ਉਤਰਨ ਵਾਲੇ ਅੰਕੜਿਆਂ ’ਤੇ ਨਿਰਭਰ ਕਰਦੀ ਹੈ। -ਪੀਟੀਆਈ
ਕੋਵੈਕਸੀਨ ਨੂੰ ਪ੍ਰਵਾਨਗੀ ਮਿਲਣ ਦੀ ਉਮੀਦ
ਨਵੀਂ ਦਿੱਲੀ: ਭਾਰਤ ਬਾਇਓਟੈੱਕ ਨੇ ਕਿਹਾ ਕਿ ਕੰਪਨੀ ਨੂੰ ਇਸਦੀ ਕੋਵਿਡ- 19 ਵੈਕਸੀਨ ‘ਕੋਵੈਕਸੀਨ’ ਦੇ ਜੁਲਾਈ-ਸਤੰਬਰ ਤੱਕ ਆਲਮੀ ਸਿਹਤ ਸੰਸਥਾ ਵੱਲੋਂ ‘ਸੰਕਟਕਾਲੀ ਵਰਤੋਂ ਸੂਚੀ’ (ਈਯੂਐੱਲ) ਵਿੱਚ ਸ਼ਾਮਲ ਕਰਨ ਸਬੰਧੀ ਪ੍ਰਵਾਨਗੀ ਮਿਲਣ ਦੀ ਉਮੀਦ ਹੈ। ਕੰਪਨੀ ਮੁਤਾਬਕ ਕੋਵੈਕਸੀਨ ਲਈ 60 ਤੋਂ ਵੱਧ ਮੁਲਕਾਂ ਵਿੱਚ ਮਨਜ਼ੂਰੀ ਮਿਲਣ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਨ੍ਹਾਂ ਵਿੱਚ ਅਮਰੀਕਾ, ਬ੍ਰਾਜ਼ੀਲ ਅਤੇ ਹੰਗਰੀ ਤੋਂ ਇਲਾਵਾ ਹੋਰ ਮੁਲਕ ਸ਼ਾਮਲ ਹਨ।