ਕੋਲੰਬੋ, 12 ਜੂਨ
ਆਰਥਿਕ ਤੇ ਤੇਲ ਸੰਕਟ ਨਾਲ ਜੂਝ ਰਹੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਕਿਹਾ ਕਿ ਉਨ੍ਹਾਂ ਨੂੰ ਰੂਸ ਤੋਂ ਹੋਰ ਤੇਲ ਖਰੀਦਣ ਲਈ ਮਜਬੂਰ ਹੋਣਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ਹੋਰ ਸਰੋਤਾਂ ਤੋਂ ਤੇਲ ਖਰੀਦਣ ਦੀ ਸੰਭਾਵਨਾ ਤਲਾਸ਼ਣਗੇ ਪਰ ਰੂਸ ਤੋਂ ਕੱਚਾ ਤੇਲ ਖਰੀਦਣ ਦਾ ਰਸਤਾ ਖੁੱਲ੍ਹਾ ਹੈ। ‘ਏਪੀ’ ਨਾਲ ਇੰਟਰਵਿਊ ਦੌਰਾਨ ਵਿਕਰਮਸਿੰਘੇ ਨੇ ਕਿਹਾ ਕਿ ਉਹ ਕਰਜ਼ੇ ਦੇ ਵਧਦੇ ਬੋਝ ਦੇ ਬਾਵਜੂਦ ਚੀਨ ਤੋਂ ਵਿੱਤੀ ਸਹਾਇਤਾ ਲੈਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀਲੰਕਾ ਦੀ ਮੌਜੂਦਾ ਸਥਿਤੀ ਦੇਸ਼ ਦੇ ਆਪਣੇ ਫ਼ੈਸਲਿਆਂ ਕਰਕੇ ਹੈ ਪਰ ਯੂਕਰੇਨ-ਰੂਸ ਜੰਗ ਕਾਰਨ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ। ਦੇਸ਼ ਵਿੱਚ ਅਨਾਜ ਸੰਕਟ 2024 ਤੱਕ ਜਾਰੀ ਰਹਿ ਸਕਦਾ ਹੈ। -ਏਪੀ
ਸ੍ਰੀਲੰਕਾ ’ਚ ਤੈਅ ਹੋ ਸਕਦਾ ਹੈ ਪੈਟਰੋਲ ਤੇ ਡੀਜ਼ਲ ਦਾ ਹਫ਼ਤਾਵਰੀ ਕੋਟਾ
ਕੋਲੰਬੋ: ਸ੍ਰੀਲੰਕਾ ਵਿੱਚ ਅਗਲੇ ਮਹੀਨੇ ਤੋਂ ਪੈਟਰੋਲ-ਡੀਜ਼ਲ ਦਾ ਹਫ਼ਾਤਵਰੀ ਕੋਟਾ ਤੈਅ ਕੀਤਾ ਜਾ ਸਕਦਾ ਹੈ। ਇਸ ਤਹਿਤ ਰਜਿਸਟਰਡ ਗਾਹਕ ਪੰਪ ਤੋਂ ਨਿਸ਼ਚਿਤ ਮਾਤਰਾ ਵਿੱਚ ਤੇਲ ਖਰੀਦ ਸਕਣਗੇ। ਊਰਜਾ ਮੰਤਰੀ ਕੰਚਨ ਵਿਜੇਸ਼ੇਖਰ ਨੇ ਟਵੀਟ ਕੀਤਾ, ‘‘ਸਾਡੇ ਕੋਲ ਪੈਟਰੋਲ ਪੰਪਾਂ ’ਤੇ ਗਾਹਕਾਂ ਨੂੰ ਰਜਿਸਟਰ ਕਰਨ ਅਤੇ ਹਫਤਾਵਾਰੀ ਕੋਟੇ ਦੀ ਗਾਰੰਟੀ ਦੇਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਅਜਿਹਾ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਦੇਸ਼ ਦੀ ਵਿੱਤੀ ਸਥਿਤੀ ਠੀਕ ਨਹੀਂ ਹੋ ਜਾਂਦੀ ਅਤੇ ਲਗਾਤਾਰ ਤੇਲ ਦੀ ਸਪਲਾਈ ਨਹੀਂ ਹੁੰਦੀ। ਉਮੀਦ ਹੈ ਕਿ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਸਿਸਟਮ ਸ਼ੁਰੂ ਹੋ ਜਾਵੇਗਾ।’’ -ਪੀਟੀਆਈ