ਐਜ਼ੌਲ, 6 ਮਾਰਚ
ਮਿਆਂਮਾਰ ਨੇ ਭਾਰਤੀ ਸੂਬੇ ਮਿਜ਼ੋਰਮ ਦੀ ਸਰਕਾਰ ਨੂੰ ਪੱਤਰ ਲਿਖ ਕੇ ਆਪਣੇ ਅੱਠ ਪੁਲੀਸ ਮੁਲਾਜ਼ਮਾਂ ਦੀ ਹਵਾਲਗੀ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਇੱਕ ਅਧਿਕਾਰੀ ਨੇ ਇੱਥੇ ਦੱਸਿਆ ਇਹ ਅੱਠ ਮੁਲਾਜ਼ਮ ਗੁਆਂਢੀ ਦੇਸ਼ ਮਿਆਂਮਾਰ ’ਚ ਫਰਵਰੀ ਮਹੀਨੇ ਹੋਏ ਫ਼ੌਜੀ ਰਾਜ ਪਲਟੇ ਮਗਰੋਂ ਸਰਹੱਦ ਪਾਰ ਕਰਕੇ ਇਸ ਉੱਤਰ-ਪੂਰਬੀ ਸੂਬੇ ’ਚ ਆ ਗਏ ਸਨ। ਜ਼ਿਕਰਯੋਗ ਹੈ ਕਿ ਮਿਜ਼ੋਰਮ ਦੀ 510 ਕਿਲੋਮੀਟਰ ਲੰਬੀ ਸਰਹੱਦ ਮਿਆਂਮਾਰ ਨਾਲ ਲੱਗਦੀ ਹੈ, ਜਿੱਥੇ ਫ਼ੌਜੀ ਸਰਕਾਰ ਖ਼ਿਲਾਫ਼ ਦੇਸ਼ ਭਰ ’ਚ ਮੁਜ਼ਾਹਰੇ ਹੋ ਰਹੇ ਹਨ। ਚੰਪਾਈ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਮਾਰੀਆ ਸੀ.ਟੀ. ਜ਼ੁਆਲੀ ਮੁਤਾਬਕ ਮਿਆਂਮਾਰ ’ਚ ਫਾਲਮ ਜ਼ਿਲ੍ਹੇ ਦੇ ਉਨ੍ਹਾਂ ਦੇ ਹਮਰੁਤਬਾ ਨੇ ਉਨ੍ਹਾਂ ਅੱਠ ਪੁਲੀਸ ਮੁਲਾਜ਼ਮਾਂ ਨੂੰ ਮਿਆਂਮਾਰ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ, ਜੋ ਉੱਥੋਂ ਭੱਜ ਕੇ ਭਾਰਤ ’ਚ ਦਾਖ਼ਲ ਹੋਏ ਹਨ। ਪੱਤਰ ’ਚ ਕਿਹਾ ਗਿਆ ਹੈ ਕਿ ਮਿਆਂਮਾਰ ਤੋਂ ਅੱਠ ਪੁਲੀਸ ਭੱਜ ਕੇ ਭਾਰਤ ਚਲੇ ਗਏ ਹਨ। ਫਾਲਮ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਾ ਤੁਨ ਵਿਨ ਨੇ ਪੱਤਰ ’ਚ ਲਿਖਿਆ, ‘ਦੋਵਾਂ ਗੁਆਂਂਢੀ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧ ਹਨ। ਇਸ ਲਈ ਅਸੀਂ ਆਪਣੇ ਉਨ੍ਹਾਂ ਅੱਠ ਪੁਲੀਸ ਮੁਲਾਜ਼ਮਾਂ ਨੂੰ ਮਿਆਂਮਾਰ ਦੇ ਹਵਾਲੇ ਕਰਨ ਦੀ ਅਪੀਲ ਕਰਦੇ ਹਾਂ, ਜੋ ਕਿ ਭਾਰਤੀ ਇਲਾਕੇ ’ਚ ਆਏ ਹਨ।’
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਸੂਬੇ ਦੇ ਗ੍ਰਹਿ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਮਿਆਂਮਾਰ ਤੋਂ 16 ਜਣੇ ਸਰਹੱਦ ਪਾਰ ਕਰਕੇ ਭਾਰਤ ਆਏ ਹਨ, ਜਿਨ੍ਹਾਂ ਵਿੱਚੋਂ 11 ਵੱਲੋਂ ਪੁਲੀਸ ਮੁਲਾਜ਼ਮ ਹੋਣ ਦਾ ਦਾਅਵਾ ਕੀਤਾ ਗਿਆ ਹੈ। ਮਿਜ਼ੋਰਮ-ਮਿਆਂਮਾਰ ਸਰਹੱਦ ਦੀ ਰਾਖੀ ਕਰਨ ਵਾਲੀ ਅਸਾਮ ਰਾਈਫ਼ਲਜ਼ ਦੇ ਸੂਤਰਾਂ ਮੁਤਾਬਕ ਮਿਆਂਮਾਰ ਦੇ 35 ਵਾਸੀ ਹੁਣ ਤਕ ਮਿਜ਼ੋਰਮ ’ਚ ਆ ਚੁੱਕੇ ਹਨ। -ਪੀਟੀਆਈ