ਬੈਂਕਾਕ: ਮਿਆਂਮਾਰ ਦੀ ਇਕ ਖ਼ਬਰ ਏਜੰਸੀ ਲਈ ਕੰਮ ਕਰਦੇ ਤਿੰਨ ਸੀਨੀਅਰ ਪੱਤਰਕਾਰਾਂ ਨੂੰ ਥਾਈਲੈਂਡ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਿਆਂਮਾਰ ਦੀ ਫ਼ੌਜ ਵੱਲੋਂ ਏਜੰਸੀ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਇਹ ਪੱਤਰਕਾਰ ਦੇਸ਼ ਛੱਡ ਕੇ ਫਰਾਰ ਹੋ ਗਏ ਸਨ। ਤਿੰਨੇ ਪੱਤਰਕਾਰ ਖਬਰ ਏਜੰਸੀ ਡੀਵੀਬੀ (ਡੈਮੋਕ੍ਰੈਟਿਕ ਵੁਆਇਸ ਆਫ਼ ਬਰਮਾ) ਲਈ ਕੰਮ ਕਰਦੇ ਸਨ ਜੋ ਕਿ ਇਕ ਆਨਲਾਈਨ ਤੇ ਬਰਾਡਕਾਸਟ ਖਬਰ ਏਜੰਸੀ ਹੈ। ਏਜੰਸੀ ਦੇ ਡਾਇਰੈਕਟਰ ਤੇ ਮੁੱਖ ਸੰਪਾਦਕ ਆਏ ਚਾਨ ਨਇੰਗ ਨੇ ਦੱਸਿਆ ਕਿ ਤਿੰਨਾਂ ਤੋਂ ਇਲਾਵਾ ਪੁਲੀਸ ਨੇ ਦੋ ਕਾਰਕੁਨ ਵੀ ਗ੍ਰਿਫ਼ਤਾਰ ਕੀਤੇ ਹਨ। ਉਨ੍ਹਾਂ ’ਤੇ ਥਾਈਲੈਂਡ ਵਿਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਣ ਦਾ ਦੋਸ਼ ਲਾਇਆ ਗਿਆ ਸੀ। ਥਾਈ ਮੀਡੀਆ ਵੱਲੋਂ ਜਨਤਕ ਕੀਤੀਆਂ ਗਈਆਂ ਫੋਟੋਆਂ ਮੁਤਾਬਕ ਪੱਤਰਕਾਰ ਇਕ ਘਰ ਵਿਚੋਂ ਰਿਪੋਰਟਿੰਗ ਕਰ ਰਹੇ ਸਨ। ਇੱਥੇ ਹੀ ਉਨ੍ਹਾਂ ਇਕ ਵੀਡੀਓ ਪ੍ਰੋਡਕਸ਼ਨ ਸਟੂਡੀਓ ਵੀ ਬਣਾ ਲਿਆ ਸੀ। -ਏਪੀ