ਯੈਂਗੌਨ, 15 ਮਾਰਚ
ਮਿਆਂਮਾਰ ਵਿੱਚ ਸੱਤਾਧਾਰੀ ਜੁੰਟਾ ਨੇ ਮੁਲਕ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੌਨ ਦੇ ਕਈ ਹਿੱਸਿਆਂ ਵਿੱਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ ਕੀਤਾ ਹੈ। ਗੈਰ ਫੌਜੀ ਸਰਕਾਰ ਦਾ ਤਖ਼ਤਾ ਪਲਟਣ ਖ਼ਿਲਾਫ਼ ਮੁਲਕ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਕਰਨ ਲਈ ਕੀਤੀ ਜਾ ਰਹੀ ਸਖ਼ਤ ਕਾਰਵਾਈ ਵਿੱਚ ਮਾਰੇ ਗਏ ਲੋਕਾਂ ਦੀ ਵਧਦੀ ਗਿਣਤੀ ਵਿਚਾਲੇ ਫੌਜੀ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਹਿੰਸਾ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ’ਤੇ ਨਿਗ੍ਹਾ ਰੱਖਣ ਵਾਲੀ ਆਜ਼ਾਦ ਸੰਸਥਾ ‘ਅਸਿਸਟੈਂਸ ਐਸੋਸੀਏਸ਼ਨ ਆਫ ਪੌਲਿਟੀਕਲ ਪ੍ਰਿਜ਼ਨਰਜ਼’ ਮੁਤਾਬਕ, ਐਤਵਾਰ ਦਾ ਦਿਨ ਸਭ ਤੋਂ ਵਧ ਹਿੰਸਕ ਰਿਹਾ, ਕਿਉਂਕਿ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਕਾਰਵਾਈ ਦੌਰਾਨ ਘੱਟੋ ਘੱਟ 38 ਲੋਕਾਂ ਦੀ ਮੌਤ ਹੋਈ, ਜਦੋਂ ਕਿ ਕਈ ਹੋਰ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਸਭ ਤੋਂ ਵਧ 34 ਮੌਤਾਂ ਯੈਂਗੌਨ ਵਿੱਚ ਹੋਈਆਂ ਹਨ ਅਤੇ ਇਥੋਂ ਦੇ ਦੋ ਸ਼ਹਿਰਾਂ ਹਲਿਯਾਂਗ ਥਾਰ ਯਾਰ ਅਤੇ ਗੁਆਂਢੀ ਸ਼ਹਿਰ ਸ਼ਵੇਪਿਅਤਾ ਵਿੱਚ ਮਾਰਸ਼ਲ ਲਾਅ ਲਗਾਇਆ ਗਿਆ ਹੈ। -ਏਜੰਸੀ