ਐਜ਼ੌਲ, 10 ਫਰਵਰੀ
ਮਿਆਂਮਾਰ ਦੇ ਹਥਿਆਰਬੰਦ ਬਾਗ਼ੀ ਧੜੇ ‘ਚਿਨ ਨੈਸ਼ਨਲ ਆਰਮੀ’ (ਸੀਐਨਏ) ਨੇ ਭਾਰਤ ਵਿਚ ਆਪਣੇ ਪਰਿਵਾਰਾਂ ਲਈ ਸ਼ਰਨ ਮੰਗੀ ਹੈ। ਜ਼ਿਕਰਯੋਗ ਹੈ ਕਿ ਫ਼ੌਜੀ ਰਾਜ ਪਲਟੇ ਕਾਰਨ ਮਿਆਂਮਾਰ ’ਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਮਿਜ਼ੋਰਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ‘ਚਿਨ ਨੈਸ਼ਨਲ ਫਰੰਟ’ ਦੇ ਹਥਿਆਰਬੰਦ ਵਿੰਗ ਸੀਐਨਏ ਨੇ 40 ਪਰਿਵਾਰਾਂ ਲਈ ਭਾਰਤ ਵਿਚ ਸ਼ਰਨ ਮੰਗੀ ਹੈ। ਸੀਐਨਏ ਨੇ ਇਸ ਬਾਰੇ ਫਰਕਾਨ ਪਿੰਡ ਦੀ ਕੌਂਸਲ ਦੇ ਪ੍ਰਧਾਨ ਨੂੰ ਜਾਣੂ ਕਰਵਾਇਆ ਹੈ ਜਿਨ੍ਹਾਂ ਅੱਗੇ ਚਮਫਾਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਦਿੱਤੀ। ਚਮਫਾਈ ਦੇ ਡੀਸੀ ਨੇ ਉੱਚ ਅਥਾਰਿਟੀ ਨੂੰ ਜਾਣਕਾਰੀ ਦੇ ਦਿੱਤੀ ਹੈ। ਰਾਜ ਪਲਟੇ ਕਾਰਨ ਮਿਆਂਮਾਰ ਤੋਂ ਸ਼ਰਨਾਰਥੀਆਂ ਦੇ ਭਾਰਤ ਆਉਣ ਦੇ ਖ਼ਦਸ਼ੇ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਚੌਕਸੀ ਦੇ ਹੁਕਮ ਜਾਰੀ ਕੀਤੇ ਹਨ। ਮਿਜ਼ੋਰਮ ਦੀ ਮਿਆਂਮਾਰ ਨਾਲ 404 ਕਿਲੋਮੀਟਰ ਲੰਮੀ ਸਰਹੱਦ ਲੱਗਦੀ ਹੈ। ਸਰਹੱਦ ਨਾਲ ਲੱਗਦੇ ਸਾਰੇ ਪਿੰਡਾਂ ਨੂੰ ਕਿਹਾ ਗਿਆ ਹੈ ਕਿ ਜੇ ਕਿਤੇ ਵੀ ਮਿਆਂਮਾਰ ਤੋਂ ਸ਼ਰਨਾਰਥੀ ਭਾਰਤ ਵਾਲੇ ਪਾਸੇ ਆਉਂਦੇ ਨਜ਼ਰ ਆਉਣ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਚਿਨ ਭਾਈਚਾਰੇ ਦੇ ਹਜ਼ਾਰਾਂ ਮੈਂਬਰ ਪਹਿਲਾਂ ਵੀ ਮਿਆਂਮਾਰ ਤੋਂ ਭੱਜ ਕੇ ਭਾਰਤ ਆਉਂਦੇ ਰਹੇ ਹਨ। 1980 ਤੋਂ ਬਾਅਦ ਲੰਮੇ ਸਮੇਂ ਤੱਕ ਮਿਆਂਮਾਰ ਵਿਚ ਫ਼ੌਜ ਦਾ ਸ਼ਾਸਨ ਰਿਹਾ ਹੈ।
-ਪੀਟੀਆਈ
ਪੁਲੀਸ ਦੀ ਸਖ਼ਤੀ ਦੇ ਬਾਵਜੂਦ ਰੋਸ ਮੁਜ਼ਾਹਰੇ
ਯੈਂਗੌਨ: ਪੁਲੀਸ ਵੱਲੋਂ ਮੁਜ਼ਾਹਰਾਕਾਰੀਆਂ ਖ਼ਿਲਾਫ਼ ਤਾਕਤ ਦੀ ਵਰਤੋਂ ਕਰਨ ਦੇ ਬਾਵਜੂਦ ਲੋਕ ਸੜਕਾਂ ’ਤੇ ਨਿਕਲ ਕੇ ਫ਼ੌਜੀ ਰਾਜ ਪਲਟੇ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ। ਦੱਸਣਯੋਗ ਹੈ ਕਿ ਰੋਸ ਪ੍ਰਦਰਸ਼ਨ ਕਰਨ ਉਤੇ ਪਾਬੰਦੀ ਲਾਈ ਗਈ ਹੈ, ਪਰ ਇਸ ਦੇ ਬਾਵਜੂਦ ਲੋਕਾਂ ਨੇ ਵੱਡੇ ਸ਼ਹਿਰਾਂ ਯੈਂਗੌਨ, ਮੰਡਾਲੇ ਵਿਚ ਰੋਸ ਪ੍ਰਗਟਾਇਆ। ਹੋਰਨਾਂ ਥਾਵਾਂ ’ਤੇ ਵੀ ਲੋਕਾਂ ਨੇ ਸੱਤਾ ਚੁਣੀ ਹੋਈ ਸਰਕਾਰ ਨੂੰ ਸੌਂਪਣ ਦੀ ਮੰਗ ਕੀਤੀ ਤੇ ਫ਼ੌਜੀ ਰਾਜ ਪਲਟੇ ਦੀ ਆਲੋਚਨਾ ਕੀਤੀ। ਪੁਲੀਸ ਨੇ ਮੰਗਲਵਾਰ ਰੋਸ ਪ੍ਰਗਟਾ ਰਹੇ ਲੋਕਾਂ ’ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਸਨ। ਇਸ ਤੋਂ ਇਲਾਵਾ ਹਵਾ ’ਚ ਫਾਇਰ ਕਰਦਿਆਂ ਰਬੜ ਦੀਆਂ ਗੋਲੀਆਂ ਵੀ ਮੁਜ਼ਾਹਰਾਕਾਰੀਆਂ ਵੱਲ ਚਲਾਈਆਂ ਗਈਆਂ। ਇਸ ਦੌਰਾਨ ਕਈ ਲੋਕ ਫੱਟੜ ਹੋ ਗਏ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਸ਼ੁੱਕਰਵਾਰ ਨੂੰ ਮਿਆਂਮਾਰ ਮੁੱਦੇ ’ਤੇ ਬੈਠਕ ਕਰ ਰਹੀ ਹੈ।