ਯੈਂਗੋਨ, 15 ਫਰਵਰੀ
ਮਿਆਂਮਾਰ ਵਿਚ ਫ਼ੌਜ ਦੀ ਗਸ਼ਤ ਵਧਾ ਦਿੱਤੀ ਗਈ ਹੈ ਤੇ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੂਰੇ ਮੁਲਕ ਵਿਚ ਵੱਡੀ ਗਿਣਤੀ ਲੋਕਾਂ ਨੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਫ਼ੌਜ ਵੱਲੋਂ ਸੱਤਾ ਹਥਿਆਉਣ ਖ਼ਿਲਾਫ਼ ਰੋਸ ਮੁਜ਼ਾਹਰੇ ਕੀਤੇ। ਅਮਰੀਕਾ ਤੇ ਕੈਨੇਡਾ ਦੇ ਰਾਜਦੂਤਾਂ ਸਣੇ ਕਰੀਬ 12 ਯੂਰੋਪੀ ਮੁਲਕਾਂ ਦੇ ਰਾਜਦੂਤਾਂ ਨੇ ਮਿਆਂਮਾਰ ਦੇ ਸੁਰੱਖਿਆ ਬਲਾਂ ਨੂੰ ਲੋਕਾਂ ਖ਼ਿਲਾਫ਼ ਤਾਕਤ ਨਾ ਵਰਤਣ ਲਈ ਕਿਹਾ ਹੈ।
ਉਨ੍ਹਾਂ ਸਿਆਸੀ ਆਗੂਆਂ ਤੇ ਕਾਰਕੁਨਾਂ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ ਹੈ। ਫ਼ੌਜ ਵੱਲੋਂ ਸੰਚਾਰ ਸੇਵਾਵਾਂ ਨਾਲ ਛੇੜਛਾੜ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਸਾਂਝੇ ਬਿਆਨ ਵਿਚ ਰਾਜਦੂਤਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਮਿਆਂਮਾਰ ਦੇ ਲੋਕਾਂ ਦਾ ਸਮਰਥਨ ਕਰਦੇ ਹਨ। ਉਹ ਲੋਕਤੰਤਰ, ਆਜ਼ਾਦੀ, ਸ਼ਾਂਤੀ ਤੇ ਖ਼ੁਸ਼ਹਾਲੀ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੀ ਮਿਆਂਮਾਰ ਉਤੇ ਨਜ਼ਰ ਹੈ।
ਯੈਂਗੋਨ ਦੀਆਂ ਸੜਕਾਂ ਉਤੇ ਦਿਨ ਵਿਚ ਹੀ ਫ਼ੌਜ ਦੇ ਹਥਿਆਰਬੰਦ ਵਾਹਨ ਘੁੰਮ ਰਹੇ ਹਨ। ਇਨ੍ਹਾਂ ਨੂੰ ਭੀੜ ਵਾਲੇ ਇਲਾਕਿਆਂ ਵਿਚ ਵੀ ਦੇਖਿਆ ਜਾ ਸਕਦਾ ਹੈ। ਰਾਤ ਨੂੰ ਮੰਡਾਲੇ ਵਿਚ ਵੀ ਫ਼ੌਜੀਆਂ ਦੇ ਟਰੱਕ ਪੁੱਜਣ ਦੀ ਰਿਪੋਰਟ ਹੈ। ਸੋਮਵਾਰ ਨੂੰ ਮਿਆਂਮਾਰ ਵਿਚ ਮੋਬਾਈਲ ਫੋਨ ਸੇਵਾਵਾਂ ਦੇਣ ਵਾਲਿਆਂ ਨੂੰ ਰਾਤ ਇਕ ਵਜੇ ਤੋਂ ਸਵੇਰੇ 9 ਵਜੇ ਤੱਕ ਇੰਟਰਨੈੱਟ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਪ੍ਰਮੁੱਖ ਆਗੂ ਆਂਗ ਸਾਂ ਸੂ ਕੀ ਤੇ ਹੋਰ ਹਾਲੇ ਵੀ ਨਜ਼ਰਬੰਦ ਹਨ। -ਏਪੀ