ਬੈਂਕਾਕ: ਮਿਆਂਮਾਰ ਸਰਕਾਰ ਨੇ ਅੱਜ ਐਲਾਨ ਕੀਤਾ ਕਿ ਉਸ ਨੇ ਨੈਸ਼ਨਲ ਲੀਗ ਫਾਰ ਡੈਮੋਕਰੇਸੀ (ਐੱਨਐੱਲਡੀ) ਦੇ ਸਾਬਕਾ ਸੰਸਦ ਮੈਂਬਰ, ਜਮਹੂਰੀਅਤ ਹਮਾਇਤੀ ਇੱਕ ਕਾਰਕੁਨ ਤੇ ਦੋ ਹੋਰ ਜਣਿਆਂ ਨੂੰ ਪਿਛਲੇ ਸਾਲ ਸੱਤਾ ’ਤੇ ਸੈਨਾ ਦੇ ਕਬਜ਼ੇ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ ’ਚ ਫਾਂਸੀ ਦਿੱਤੀ ਹੈ। ਮਿਆਂਮਾਰ ’ਚ ਪਿਛਲੇ 50 ਸਾਲਾਂ ’ਚ ਪਹਿਲੀ ਵਾਰ ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਸਰਕਾਰੀ ਅਖ਼ਬਾਰ ‘ਮਿਰਰ ਡੇਅਲੀ’ ਵਿੱਚ ਇਹ ਜਾਣਕਾਰੀ ਦਿੱਤੀ ਹੈ। ਸੰਯੁਕਤ ਰਾਸ਼ਟਰ ਦੇ ਮਾਹਿਰਾਂ ਤੇ ਦੱਖਣੀ-ਪੂਰਬੀ ਏਸ਼ਿਆਈ ਮੁਲਕਾਂ ਦੀ ਜਥੇਬੰਦੀ (ਆਸੀਆਨ) ਦੇ ਮੌਜੂਦਾ ਪ੍ਰਧਾਨ ਕੰਬੋਡੀਆ ਸਮੇਤ ਦੁਨੀਆ ਭਰ ਦੇ ਕਈ ਮੁਲਕਾਂ ਤੇ ਹਸਤੀਆਂ ਵੱਲੋਂ ਚਾਰਾਂ ਸਿਆਸੀ ਕੈਦੀਆਂ ਪ੍ਰਤੀ ਹਮਦਰਦੀ ਦਿਖਾਏ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਚਾਰਾਂ ਨੂੰ ਫਾਂਸੀ ਦਿੱਤੀ ਗਈ ਹੈ। ਫੌਜੀ ਸਰਕਾਰ ਨੇ ਇਸ ਦੀ ਪੁਸ਼ਟੀ ਕਰਦਿਆਂ ਸੰਖੇਪ ਬਿਆਨ ਜਾਰੀ ਕੀਤਾ ਪਰ ਜਿਸ ਜੇਲ੍ਹ ’ਚ ਕੈਦੀਆਂ ਨੂੰ ਰੱਖਿਆ ਗਿਆ ਸੀ, ਉਸ ਨੇ ਤੇ ਜੇਲ੍ਹ ਵਿਭਾਗ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। -ਏਪੀ