ਯੈਂਗੋਨ, 22 ਫਰਵਰੀ
ਮਿਆਂਮਾਰ ’ਚ ਪ੍ਰਦਰਸ਼ਨਕਾਰੀਆਂ ਦੇ ਹੜਤਾਲ ਦੇ ਸੱਦੇ ਖ਼ਿਲਾਫ਼ ਜੁੰਟਾ ਦੀ ਚਿਤਾਵਨੀ ਦੇ ਬਾਵਜੂਦ ਹਜ਼ਾਰਾਂ ਲੋਕ ਯੈਂਗੋਨ ਦੇ ਅਮਰੀਕੀ ਦੂਤਾਵਾਸ ਨੇੜੇ ਇਕੱਠੇ ਹੋ ਗਏ। ਉੱਥੇ ਹੀ ਦੇਸ਼ ਦੇ ਕਈ ਹਿੱਸਿਆਂ ’ਚ ਵੀ ਬੰਦ ਦਾ ਅਸਰ ਦਿਖਾਈ ਦਿੱਤਾ। ਮਿਆਂਮਾਰ ’ਚ ਸੈਨਾ ਨੇ ਪਹਿਲੀ ਫਰਵਰੀ ਨੂੰ ਰਾਜ ਪਲਟਾ ਕਰਦਿਆਂ ਆਂਗ ਸਾਂ ਸੂ ਕੀ ਸਮੇਤ ਕਈ ਮੁੱਖ ਆਗੂਆਂ ਨੂੰ ਹਿਰਾਸਤ ’ਚ ਲੈ ਲਿਆ ਸੀ। ਰਾਜ ਪਲਟੇ ਖ਼ਿਲਾਫ਼ ਕਈ ਸ਼ਹਿਰਾਂ ਦੇ ਲੋਕ ਵੱਖ ਵੱਖ ਪਾਬੰਦੀਆਂ ਦੇ ਬਾਵਜੂਦ ਰੋਸ ਮੁਜ਼ਾਹਰੇ ਕਰ ਰਹੇ ਹਨ। ਅੱਜ ਕਈ ਸੜਕਾਂ ਬੰਦ ਹੋਣ ਦੇ ਬਾਵਜੂਦ ਇੱਕ ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀ ਯੈਂਗੋਨ ’ਚ ਅਮਰੀਕੀ ਦੂਤਾਵਾਸ ਨੇੜੇ ਇਕੱਠੇ ਹੋ ਗਏ ਪਰ ਸੈਨਾ ਦੇ 20 ਟਰੱਕ ਤੇ ਦੰਗਾ ਰੋਕੂ ਪੁਲੀਸ ਦੇ ਉੱਥੇ ਨੇੜੇ ਹੀ ਪਹੁੰਚਣ ਮਗਰੋਂ ਕਿਸੇ ਵੀ ਟਕਰਾਅ ਤੋਂ ਬਚਣ ਲਈ ਉਹ ਉੱਥੋਂ ਚਲੇ ਗਏ। ਸੁਲੇ ਪਗੋੜਾ ਸਮੇਤ ਸ਼ਹਿਰ ਦੇ ਹੋਰਨਾਂ ਹਿੱਸਿਆਂ ’ਚ ਵੀ ਰੋਸ ਮੁਜ਼ਾਹਰੇ ਜਾਰੀ ਰਹੇ। -ਪੀਟੀਆਈ