ਯੈਂਗੋਨ, 18 ਫਰਵਰੀ
ਹਥਿਆਰਬੰਦ ਦਸਤਿਆਂ ਵੱਲੋਂ ਬੀਤੀ ਰਾਤ ਕੀਤੀ ਗਈ ਹਿੰਸਾ ਤੋਂ ਬਾਅਦ ਅੱਜ ਵੱਡੀ ਗਿਣਤੀ ’ਚ ਲੋਕਾਂ ਨੇ ਸੜਕਾਂ ’ਤੇ ਆ ਕੇ ਰੋਸ ਮੁਜ਼ਾਹਰਾ ਕੀਤਾ। ਮਿਆਂਮਾਰ ਦੇ ਲੋਕ ਮੁਲਕ ’ਚ ਫੌਜ ਵੱਲੋਂ ਕੀਤੇ ਗਏ ਰਾਜ ਪਲਟੇ ਖ਼ਿਲਾਫ਼ ਰੋਸ ਮੁਜ਼ਾਹਰੇ ਕਰ ਰਹੇ ਹਨ। ਪੁਲੀਸ ਨੇ ਬੀਤੀ ਰਾਤ ਮਾਂਡਲੇ ’ਚ ਰੇਲਵੇ ਵਰਕਰਾਂ ਦੇ ਘਰਾਂ ਦੀ ਘੇਰਾਬੰਦੀ ਕਰਕੇ ਉਨ੍ਹਾਂ ਨੂੰ ਰੋਸ ਮੁਜ਼ਾਹਰੇ ਕਰਨ ਤੋਂ ਰੋਕਣ ਲਈ ਗੋਲੀਬਾਰੀ ਕੀਤੀ ਹੈ। ਮੁਲਕ ਦਾ ਨਵਾਂ ਫੌਜੀ ਪ੍ਰਬੰਧ ਦੇਸ਼ ਕਾਰੋਬਾਰੀ ਸਰਕਾਰੀ ਸੰਸਥਾਵਾਂ ਨੂੰ ਲੋਕਾਂ ਤੋਂ ਬਚਾਉਣ ’ਤੇ ਧਿਆਨ ਦੇ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਦੇ ਰੇਲਵੇ ਵਰਕਰਾਂ ਨੇ ਸਿਵਲ ਨਾਫਰਮਾਨੀ ਲਹਿਰ (ਸੀਡੀਐੱਮ) ’ਚ ਸ਼ਾਮਲ ਹੋਣ ਲਈ ਐਤਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਸੀ। ਸੀਡੀਐੱਮ ਦੇਸ਼ ਦੇ ਮੈਡੀਕਲ ਕਾਮਿਆਂ ਵੱਲੋਂ ਚਲਾਈ ਜਾ ਰਹੀ ਹੈ। ਇੱਕ ਮਜ਼ਦੂਰ ਕਾਰਕੁਨ ਨੇ ਦੱਸਿਆ ਕਿ ਦੇਸ਼ ਦੇ ਬਹੁਤ ਸਾਰੇ ਮਜ਼ਦੂਰਾਂ ਤੇ ਨਾਗਰਿਕਾਂ ਦਾ ਮੰਨਣਾ ਹੈ ਜੁੰਟਾ ਨੂੰ ਹਰਾਉਣ ਲਈ ਸੀਡੀਐੱਮ ਬਹੁਤ ਹੀ ਕਾਰਗਾਰ ਹੈ। ਉਨ੍ਹਾਂ ਦੱਸਿਆ, ‘ਇਸੇ ਲਈ ਸਿਹਤ, ਸਿੱਖਿਆ, ਟਰਾਂਸਪੋਰਟ, ਵੱਖ ਵੱਖ ਸਰਕਾਰੀ ਤੇ ਬੈਂਕਾਂ ਦੇ ਮੁਲਾਜ਼ਮ ਇਕੱਠੇ ਹੋ ਕੇ ਸੀਡੀਐੱਮ ’ਚ ਸ਼ਾਮਲ ਹੋ ਰਹੇ ਹਨ।’ ਰੇਲਵੇ ਦੀ ਹੜਤਾਲ ਦੀ ਆਮ ਲੋਕਾਂ ਵੱਲੋਂ ਵੀ ਹਮਾਇਤ ਕੀਤੀ ਗਈ ਸੀ ਤੇ ਉਹ ਫੌਜ ਵੱਲੋਂ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ ਰੋਕਣ ਲਈ ਰੇਲਵੇ ਟਰੈਕਾਂ ’ਤੇ ਇਕੱਠੇ ਹੋਣ ਵਾਲੇ ਸਨ। ਮਾਂਡਲੇ ਦੇ ਵਸਨੀਕਾਂ ਵੱਲੋਂ ਬੀਤੀ ਰਾਤ ਰੇਲਵੇ ਲਾਈਨਾਂ ਰੋਕਣ ਦੀਆਂ ਕੋਸ਼ਿਸ਼ਾਂ ਦੌਰਾਨ ਹਿੰਸਾ ਭੜਕ ਗਈ। ਰਾਤ ਅੱਠ ਵਜੇ ਤੋਂ ਪਹਿਲਾਂ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਇਸ ਦੌਰਾਨ ਦੋ ਦਰਜਨ ਤੋਂ ਵੱਧ ਵਿਅਕਤੀ ਪੁਲੀਸ ਦੀ ਵਰਦੀ ’ਚ ਦਿਖਾਈ ਦਿੱਤੇ ਤੇ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦਿੱਤੀਆਂ। ਸੋਸ਼ਲ ਮੀਡੀਆ ’ਤੇ ਇਸ ਸਬੰਧੀ ਵਾਇਰਲ ਹੋਈਆਂ ਵੀਡੀਓਜ਼ ਤੇ ਤਸਵੀਰਾਂ ‘ਚ ਕਈ ਲੋਕ ਜ਼ਖ਼ਮੀ ਹਾਲਤ ’ਚ ਦਿਖਾਈ ਦਿੱਤੇ।
-ਏਪੀ
ਫੌਜੀਆਂ ਨੂੰ ਵੱਡੇ ਸ਼ਹਿਰਾਂ ਵੱਲ ਜਾਣ ਨੂੰ ਕਿਹਾ: ਯੂਐੱਨ
ਮਿਆਂਮਾਰ ’ਚ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਦੂਤ ਨੇ ਕਿਹਾ ਕਿ ਉੱਤਰੀ ਰਖਾਈਨ ਸੂਬੇ ਦੇ ਸਰਹੱਦੀ ਖੇਤਰ ’ਚ ਤਾਇਨਾਤ ਫੌਜੀਆਂ ਨੂੰ ਵੱਡੇ ਸ਼ਹਿਰਾਂ ’ਚ ਭੇਜਿਆ ਜਾ ਰਿਹਾ ਹੈ। ਫੌਜੀ ਸਰਕਾਰ ਦੇ ਇਸ ਕਦਮ ਨਾਲ ਦੇਸ਼ ’ਚ ਹਿੰਸਾ ਤੇ ਜਾਨੀ-ਮਾਲੀ ਨੁਕਸਾਨ ਹੋਣ ਦਾ ਖਦਸ਼ਾ ਹੈ। ਵਿਸ਼ੇਸ਼ ਦੂਤ ਟੌਮ ਐਂਡ੍ਰਿਊ ਨੇ ਦੱਸਿਆ ਕਿ ਫੌਜ ਵੱਲੋਂ ਤਖ਼ਤਾ ਪਲਟਾਏ ਜਾਣ ਦਾ ਵਿਰੋਧ ਕਰ ਰਹੇ ਲੋਕਾਂ ਖ਼ਿਲਾਫ਼ ਸ਼ੁਰੂਆਤ ’ਚ ਸੰਜਮ ਵਰਤ ਰਹੀ ਪੁਲੀਸ ਨੇ ਬਾਅਦ ’ਚ ਕਈ ਮੌਕਿਆਂ ’ਤੇ ਰਬੜ ਦੀਆਂ ਗੋਲੀਆਂ ਚਲਾਈਆਂ, ਗੋਲੀਬਾਰੀ ਕੀਤੀ ਤੇ ਜਲ ਤੋਪਾਂ ਵਰਤੀਆਂ। ਉਨ੍ਹਾਂ ਕਿਹਾ ਕਿ ਉਹ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਸ਼ਟੀ ਕਰ ਸਕਦੇ ਹਨ ਕਿ ਰਖਾਈਨ ਸੂਬੇ ਦੇ ਫੌਜੀਆਂ ਨੂੰ ਕੁਝ ਸੰਘਣੀ ਆਬਾਦੀ ਵਾਲੇ ਸ਼ਹਿਰਾਂ ’ਚ ਭੇਜਿਆ ਗਿਆ ਹੈ।
-ਏਪੀ