ਯੈਂਗੌਨ, 3 ਜੂਨ
ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਵਪਾਰਕ ਹੱਬ ਯੈਂਗੌਨ ਦੀਆਂ ਸੜਕਾਂ ’ਤੇ ਲੱਗਪਗ 400 ਜਮਹੂਰੀਅਤ ਪੱਖੀ ਕਾਰਕੁਨਾਂ ਨੇ ਫ਼ੌਜੀ ਸ਼ਾਸਨ ਖਿਲਾਫ਼ ਜ਼ੋਰਦਾਰ ਮੁਜ਼ਹਾਰਾ ਕੀਤਾ। ਦੇਸ਼ ’ਚ ਸੱਜਰੇ ਮੁਜ਼ਾਹਰਿਆਂ ਵਿੱਚੋਂ ਇਹ ਸਭ ਤੋਂ ਵੱਡਾ ਮੁਜ਼ਾਹਰਾ ਸੀ। ਸੁਰੱਖਿਆ ਬਲਾਂ ਵੱਲੋਂ ਕੀਤੇ ਜਾ ਰਹੀ ਜ਼ੁਲਮ ਦੇ ਬਾਵਜੂਦ ਆਂਗ ਸਾਂ ਸੂ ਕੀ ਦੀ ਅਗਵਾਈ ਵਾਲੀ ਸਰਕਾਰ ਤੋਂ ਸੱਤਾ ਹਥਿਆਉਣ ਦੇ ਚਾਰ ਮਹੀਨਿਆਂ ਤੋਂ ਵੱਧ ਸਮੇਂ ਮਗਰੋਂ ਵੀ ਫ਼ੌਜ ਆਪਣੇ ਹੁਕਮ ਲਾਗੂ ਕਰਨ ਲਈ ਸੰਘਰਸ਼ ਕਰ ਰਹੀ ਹੈ। ਫ਼ੌਜ ਨੇ ਸੂ ਕੀ ਤੇ ਉਸ ਦੀ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਨਜ਼ਰਬੰਦ ਕੀਤਾ ਹੋਇਆ ਹੈ। ਮੁਜ਼ਾਹਰੇ ’ਚ ਸ਼ਾਮਲ ਇੱਕ ਕਾਰਕੁਨ ਅਤੇ ਸਿਆਸੀ ਕੈਦੀ ਜ਼ਾਇਰ ਲਵਿਨ ਨੇ ਕਿਹਾ, ‘ਅਸੀਂ ਮੁਜ਼ਾਹਰੇ ਵਿੱਚ ਇਹ ਦਿਖਾਉਣ ਲਈ ਇਕੱਠੇ ਹੋਏ ਹਾਂ ਕਿ ਅਸੀਂ ਉਨ੍ਹਾਂ ਨੂੰ ਆਪਣੇ ’ਤੇ ਹਕੂਮਤ ਨਹੀਂ ਕਰਨ ਦੇਵਾਂਗਾ।’ ਲਵਿਨ ਨੇ ਕਿਹਾ ਕਿ ਫ਼ੌਜੀ ਜੁੰਟਾ ਖ਼ਿਲਾਫ਼ ਮੁਜ਼ਾਹਰੇ ਰਹਿਣਗੇ।
ਇਸੇ ਦੌਰਾਨ ਰੈੱਡ ਕਰਾਸ ਦੀ ਕੌਮਾਂਤਰੀ ਕਮੇਟੀ (ਆਈਸੀਆਰਸੀ) ਦੇ ਪ੍ਰਧਾਨ ਪੀਟਰ ਮੌਰੇਰ ਨੇ ਅੱਜ ਮਿਆਂਮਾਰ ਦੇ ਜੁੰਟਾ ਨੇਤਾ ਆਂਗ ਹਲੇਂਗ ਨਾਲ ਮੁਲਾਕਾਤ ਕੀਤੀ ਹੈ। ਨਿਕੇਈ ਏਸ਼ੀਆ ਦੀ ਰਿਪੋਰਟ ’ਚ ਕਿਹਾ ਗਿਆ ਕਿ ਪੀਟਰ ਨੇ ਉਨ੍ਹਾਂ ਨੂੰ ਖਾਨਾਜੰਗੀ ਵਾਲੇ ਇਲਾਕਿਆਂ ਵਿਚਲੀਆਂ ਜੇਲ੍ਹਾਂ ’ਚ ਰੈੱਡ ਕਰਾਸ ਦੇ ਕਾਰਕੁਨਾਂ ਨੂੰ ਆਉਣ ਜਾਣ ਦੀ ਆਗਿਆ ਦੇਣ ਦੀ ਅਪੀਲ ਕੀਤੀ। ਰਿਪੋਰਟ ਮੁਤਾਬਕ ਜੁੰਟਾ ਮੁਖੀ ਨੇ ਪੀਟਰ ਮੌਰੇਰ ਦੀ ਅਪੀਲ ’ਤੇ ਹਾਲੇ ਹਾਂ ਜਾਂ ਨਾਂ ਦਾ ਕੋਈ ਹੁੰਗਾਰਾ ਨਹੀਂ ਭਰਿਆ ਹੈ। -ਰਾਇਟਰਜ਼
ਫ਼ੌਜੀ ਅਦਾਲਤ ਨੇ ਦੋ ਪੱਤਰਕਾਰਾਂ ਨੂੰ ਸਜ਼ਾ ਸੁਣਾਈ
ਬੈਂਕਾਕ: ਮਿਆਂਮਾਰ ’ਚ ਇੱਕ ਫ਼ੌਜੀ ਅਦਾਲਤ ਨੇ ਦੋ ਪੱਤਰਕਾਰਾਂ ਨੂੰ ਗਲਤ ਸੂਚਨਾ ਫੈਲਾਉਣ ਦੇ ਦੋਸ਼ ਹੇਠ ਦੋ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦੱਖਣੀ ਮਿਆਂਮਾਰ ਦੇ ਸ਼ਹਿਰ ਮਯੀਏਕ ’ਚ ਅਦਾਲਤ ਵੱਲੋਂ ਡੈਮੋਕਰੈਟਿਕ ਵਾਇਸ ਆਫ ਬਰਮਾ ਦੇ ਪੱਤਰਕਾਰ ਆਂਗ ਯਾਵ (31) ਅਤੇ ਆਨਲਾਈਨ ਖ਼ਬਰ ਏਜੰਸੀ ਮਿਜ਼ੀਮਾ ਦੇ ਫਰੀਲਾਂਸਰ ਪੱਤਰਕਾਰ ਜ਼ਾਅ ਜ਼ਾਅ (38) ਨੂੰ ਇਹ ਸਜ਼ਾ ਬੁੱਧਵਾਰ ਨੂੰ ਸੁਣਾਈ ਗਈ। -ਏਪੀ