ਯੈਂਗੌਨ, 4 ਅਪਰੈਲ
ਮਿਆਂਮਾਰ ਵਿੱਚ ਫ਼ੌਜ ਵੱਲੋਂ ਕੀਤੇ ਗਏ ਰਾਜ ਪਲਟੇ ਦੇ ਵਿਰੋਧੀ ਪ੍ਰਦਰਸ਼ਨਕਾਰੀਆਂ ਵੱਲੋਂ ਅੱਜ ਦੇਸ਼ ਭਰ ਵਿੱਚ ਈਸਟਰ ਮੌਕੇ ਅੰਡਿਆਂ ’ਤੇ ਲਿਖੇ ਸੁਨੇਹਿਆਂ ਸਮੇਤ ਪ੍ਰਦਰਸ਼ਨ ਕੀਤਾ ਗਿਆ ਅਤੇ ਲੋਕਤੰਤਰ ਬਹਾਲ ਕਰਨ ਦੀ ਮੰਗ ਕੀਤੀ ਗਈ। ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੋਨ ਵਿੱਚ ਇਕ ਸਮੂਹ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਅਤੇ ਕ੍ਰਾਂਤੀਕਾਰੀ ਗੀਤ ਗਾਏ ਗਏ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਅੰਡੇ ਲਏ ਹੋਏ ਸਨ ਜਿਨ੍ਹਾਂ ’ਤੇ ‘ਬਸੰਤ ਕ੍ਰਾਂਤੀ’ ਲਿਖਿਆ ਹੋਇਆ ਸੀ। ਕਾਫ਼ੀ ਅੰਡਿਆਂ ’ਤੇ ਤਿੰਨ ਉਂਗਲਾਂ ਵਾਲੀ ‘ਸਲਾਮੀ’ ਬਣੀ ਹੋਈ ਸੀ ਜੋ ਪਹਿਲੀ ਫਰਵਰੀ ਨੂੰ ਹੋਏ ਰਾਜ ਪਲਟੇ ਦੇ ਵਿਰੋਧ ਦਾ ਪ੍ਰਤੀਕ ਹੈ। ਐਤਵਾਰ ਨੂੰ ਹੋਏ ਇਸ ਪ੍ਰਦਰਸ਼ਨ ਨੂੰ ‘ਈਸਟਰ ਐੱਗ ਸਟ੍ਰਾਈਕ’ ਦਾ ਨਾਂ ਦਿੱਤਾ ਗਿਆ। ਇਸੇ ਦੌਰਾਨ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿੱਚ ਵੀ ਲੋਕ ਰਾਜ ਪਲਟੇ ਦਾ ਵਿਰੋਧ ਕਰਨ ਲਈ ਇਕੱਤਰ ਹੋਏ ਅਤੇ ਲੋਕਤੰਤਰ ਬਹਾਲ ਕਰਨ ਦੀ ਮੰਗ ਕੀਤੀ। ਉਨ੍ਹਾਂ ਲੋਕਤੰਤਰੀ ਢੰਗ ਨਾਲ ਚੁਣੀ ਸਰਕਾਰ ਨੂੰ ਲਾਂਭੇ ਕਰ ਕੇ ਸੱਤਾ ਹਥਿਆਏ ਜਾਣ ਦਾ ਵਿਰੋਧ ਕੀਤਾ। ਸਿਆਸੀ ਕੈਦੀਆਂ ਲਈ ਆਜ਼ਾਦ ਸਹਿਯੋਗ ਐਸੋਸੀਏਸ਼ਨ ਮੁਤਾਬਕ ਮਿਆਂਮਾਰ ਦੀ ਫ਼ੌਜ ਵੱਲੋਂ ਪ੍ਰਦਰਸ਼ਨਕਾਰੀਆਂ ਤੇ ਵਿਰੋਧੀ ਧਿਰ ਦੇ ਆਗੂਆਂ ’ਤੇ ਹਿੰਸਾਤਮਕ ਢੰਗ ਨਾਲ ਜੁਲਮ ਕੀਤੇ ਗਏ ਹਨ। ਤਾਜ਼ਾ ਅੰਕੜਿਆਂ ਅਨੁਸਾਰ ਰਾਜ ਪਲਟੇ ਦੇ ਬਾਅਦ ਤੋਂ ਹੁਣ ਤੱਕ 557 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ ਤੇ 2750 ਤੋਂ ਵੱਧ ਲੋਕ ਹਿਰਾਸਤ ਵਿੱਚ ਲਏ ਜਾ ਚੁੱਕੇ ਹਨ। ਅੱਜ ਦਾ ਇਹ ‘ਈਸਟਰ ਐੱਗ ਸਟ੍ਰਾਈਕ’ ਵੀ ਹੋਰ ਥੀਮ ਅਧਾਰਤ ਦਿਨਾਂ ਦੀ ਕੜੀ ਦਾ ਹਿੱਸਾ ਸੀ। ਇਸ ਤੋਂ ਪਹਿਲਾਂ ਇਕ ਫੁੱਲ ਸਟ੍ਰਾਈਕ ਮਨਾਇਆ ਗਿਆ ਸੀ ਜਿਸ ਤਹਿਤ ਸੁਰੱਖਿਆਂ ਬਲਾਂ ਵੱਲੋਂ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪ੍ਰਦਰਸ਼ਨਕਾਰੀਆਂ ਨੇ ਜਨਤਕ ਥਾਵਾਂ ’ਤੇ ਫੁੱਲ ਭੇਟ ਕੀਤੇ ਸਨ।
ਇਸੇ ਤਰ੍ਹਾਂ ਇਕ ਮੌਨ ਸਟ੍ਰਾਈਕ ਸੀ ਜਿਸ ਤਹਿਤ ਲੋਕਾਂ ਨੇ ਦੇਸ਼ ਦੀਆਂ ਸਾਰੀਆਂ ਸੜਕਾਂ ਤੇ ਗਲੀਆਂ ਸੁੰਨੀਆਂ ਛੱਡ ਦਿੱਤੀਆਂ ਸਨ। ਸੁਰੱਖਿਆ ਬਲਾਂ ਵੱਲੋਂ ਆਮ ਨਾਗਰਿਕਾਂ ਵਿਚ ਦਹਿਸ਼ਤ ਪੈਦਾ ਕੀਤੇ ਜਾਣ ਦਾ ਅਮਲ ਜਾਰੀ ਹੈ। ਯੈਂਗੋਨ ਦੇ ਇਕ ਵਸਨੀਕ ਨੇ ਰਾਤ ਸਮੇਂ ਇਕ ਵੀਡੀਓ ਰਿਕਾਰਡ ਕੀਤੀ ਜਿਸ ਵਿੱਚ ਫ਼ੌਜੀ ਸੈਨਿਕਾਂ ਦਾ ਇਕ ਸਮੂਹ ਤੇ ਪੁਲੀਸ ਮੁਲਾਜ਼ਮ ਘਰਾਂ ਦੀਆਂ ਖਿੜਕੀਆਂ ’ਤੇ ਪੱਥਰ ਮਾਰਦੇ ਦਿਖ ਰਹੇ ਹਨ। -ਏਪੀ