ਯੈਂਗੌਨ (ਮਿਆਂਮਾਰ), 26 ਫਰਵਰੀ
ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਵਿੱਚ ਅੱਜ ਸੁਰੱਖਿਆ ਬਲਾਂ ਨੇ ਤਖ਼ਤਾ ਪਲਟ ਦਾ ਵਿਰੋਧ ਕਰਨ ਵਾਲੇ ਕਰੀਬ ਇਕ ਹਜ਼ਾਰ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਵਾਸਤੇ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ।
ਮਿਲੀ ਜਾਣਕਾਰੀ ਅਨੁਸਾਰ ਪ੍ਰਦਰਸ਼ਨਕਾਰੀ ਯੈਂਗੌਨ ਵਿੱਚ ਇਕ ਮਸ਼ਹੂਰ ਸ਼ਾਪਿੰਗ ਮਾਲ ਦੇ ਮੂਹਰੇ ਇਕੱਠੇ ਹੋ ਗਏ ਸਨ। ਉਨ੍ਹਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਉਹ ਪਹਿਲੀ ਫਰਵਰੀ ਨੂੰ ਹੋਏ ਤਖ਼ਤਾ ਪਲਟ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੂੰ ਕਾਬੂ ਕਰਨ ਲਈ ਸੁਰੱਖਿਆ ਵਧਾਈ ਗਈ ਅਤੇ ਇਲਾਕੇ ਵਿੱਚ ਜਲ ਤੋਪਾਂ ਵੀ ਮੰਗਵਾਈਆਂ ਗਈਆਂ। ਇਸ ਦੌਰਾਨ ਪੁਲੀਸ ਮੁਲਾਜ਼ਮ ਪ੍ਰਦਰਸ਼ਨਕਾਰੀਆਂ ਵੱਲ ਵਧੇ ਅਤੇ ਉਨ੍ਹਾਂ ਨੂੰ ਖਦੇੜਨ ਲਈ ਚਿਤਾਵਨੀ ਵਜੋਂ ਗੋਲੀਆਂ ਚਲਾਈਆਂ। ਪੁਲੀਸ ਅਧਿਕਾਰੀਆਂ ਵੱਲੋਂ ਇਕ ਪ੍ਰਦਰਸ਼ਨਕਾਰੀ ਨੂੰ ਫੜ ਲਿਆ ਗਿਆ। ਸੁਰੱਖਿਆ ਬਲਾਂ ਨੇ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਸੜਕ ਤੋਂ ਖਦੇੜਿਆ ਤਾਂ ਉਹ ਨਾਲ ਲੱਗਦੀਆਂ ਗਲੀਆਂ ਵਿੱਚ ਚਲੇ ਗਏ ਜਿੱਥੇ ਪੁਲੀਸ ਨੇ ਉਨ੍ਹਾਂ ਦਾ ਪਿੱਛਾ ਕੀਤਾ। ਕੁਝ ਪ੍ਰਦਰਸ਼ਨਕਾਰੀ ਘਰਾਂ ਵਿੱਚ ਛੁਪ ਗਏ। ਇਹ ਟਕਰਾਅ ਵਧਦੇ ਵਿਰੋਧ ਤੇ ਮਿਆਂਮਾਰ ਦੇ ਜਨਰਲਾਂ ਵਿਚਾਲੇ ਵਧਦੇ ਤਣਾਅ ਦਾ ਪ੍ਰਮਾਣ ਹੈ। ਸੈਨਾ ਦੇ ਜਨਰਲਾਂ ਨੇ ਔਂਗ ਸਾਂ ਸੂ ਕੀ ਦੀ ਸਰਕਾਰ ਡੇਗ ਦਿੱਤੀ ਹੈ ਜਿਸ ਨੇ ਕੌਮਾਂਤਰੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ।
ਵੀਰਵਾਰ ਨੂੰ ਫ਼ੌਜ ਸਮਰਥਕਾਂ ਤੇ ਤਖ਼ਤਾ ਪਲਟ ਵਿਰੋਧੀਆਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਅੱਜ ਫ਼ੌਜ ਦੇ ਸਮਰਥਨ ਵਿੱਚ ਕੋਈ ਰੈਲੀ ਨਹੀਂ ਸੀ ਰੱਖੀ ਗਈ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ਵਿੱਚ ਵੀ ਅੱਜ ਤਖ਼ਤਾ ਪਲਟ ਵਿਰੋਧੀਆਂ ਵੱਲੋਂ ਗਲੀਆਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। -ਏਪੀ