ਯੈਂਗੋਨ, 14 ਮਾਰਚ
ਮਿਆਂਮਾਰ ਦੇ ਸਭ ਤੋਂ ਵੱਡੇ ਸ਼ਹਿਰ ਯੈਂਗੋਨ ’ਚ ਸੁਰੱਖਿਆ ਬਲਾਂ ਦੀ ਗੋਲੀ ਨਾਲ ਦੋ ਮੁਜ਼ਾਹਰਾਕਾਰੀਆਂ ਦੀ ਮੌਤ ਹੋ ਗਈ। ਮੁਲਕ ’ਚ ਫੌਜ ਵੱਲੋਂ ਕੀਤੇ ਗਏ ਰਾਜ ਪਲਟੇ ਖ਼ਿਲਾਫ਼ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਲੋਕਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਸੁਰੱਖਿਆ ਬਲਾਂ ਵੱਲੋਂ ਲੋਕਾਂ ਖ਼ਿਲਾਫ਼ ਤਾਕਤ ਦੀ ਵਰਤੋਂ ਕੀਤੀ ਜਾ ਰਹੀ ਹੈ। ਸਥਾਨਕ ਰੋਸ ਮੁਜ਼ਾਹਰਿਆਂ ਬਾਰੇ ਮੀਡੀਆ ਰਿਪੋਰਟਾਂ ਅਨੁਸਾਰ ਇੱਕ ਵਿਅਕਤੀ ਦੇ ਸਿਰ ’ਚ ਗੋਲੀ ਵੱਜਣ ਕਾਰਨ ਮੌਤ ਹੋ ਗਈ ਜਦਕਿ ਦੂਜੇ ਦੇ ਢਿੱਡ ’ਚ ਗੋਲੀ ਵੱਜੀ।
ਰੋਸ ਮੁਜ਼ਾਹਰਿਆਂ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ’ਚ ਲੋਕਾਂ ਦੀ ਭੀੜ ਰੋਸ ਮੁਜ਼ਾਹਰੇ ਕਰਦੀ ਦਿਖਾਈ ਦੇ ਰਹੀ ਹੈ। ਕੁਝ ਲੋਕਾਂ ਨੇ ਮਜ਼ਬੂਤ ਟੋਪੀਆਂ ਤੇ ਗ਼ੈਸ ਮਾਸਕ ਪਹਿਨੇ ਹੋਏ ਹਨ। ਲੋਕਾਂ ਤੇ ਸੁਰੱਖਿਆ ਬਲਾਂ ਵਿਚਾਲੇ ਝੜਪ ਦੌਰਾਨ ਗੋਲੀ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਲੋਕਾਂ ਵੱਲੋਂ ਸੁਰੱਖਿਆ ਬਲਾਂ ਦੇ ਹਮਲਿਆਂ ਦਾ ਸਾਹਮਣਾ ਆਪਣੇ ਹੀ ਢੰਗਾਂ ਨਾਲ ਕੀਤਾ ਜਾ ਰਿਹਾ ਹੈ। ਉਹ ਅੱਥਰੂ ਗੈਸ ਦੇ ਗੋਲਿਆਂ ਨੂੰ ਬੁਝਾਉਣ ਲਈ ਅੱਗ ਬੁਝਾਊ ਯੰਤਰਾਂ ਦੀ ਮਦਦ ਲੈ ਰਹੇ ਹਨ ਤੇ ਦੇਸੀ ਢੰਗ ਨਾਲ ਬਣਾਈਆਂ ਢਾਲਾਂ ਦੀ ਵਰਤੋਂ ਹਮਲਿਆਂ ਤੋਂ ਬਚਣ ਲਈ ਕਰ ਰਹੇ ਹਨ। ਸੁਰੱਖਿਆ ਬਲਾਂ ਵੱਲੋਂ ਚਲਾਏ ਜਾ ਰਹੇ ਰੌਂਦਾਂ ਤੇ ਰਬੜ ਦੀਆਂ ਗੋਲੀਆਂ ਨਾਲ ਕਈ ਮੁਜ਼ਾਹਰਾਕਾਰੀਆਂ ਦੇ ਜ਼ਖਮੀ ਹੋਣ ਦੀਆਂ ਰਿਪੋਰਟਾਂ ਵੀ ਹਨ। ਲੋਕਾਂ ਨੂੰ ਰੋਕਣ ਲਈ ਸੁਰੱਖਿਆ ਬਲਾਂ ਵੱਲੋਂ ਕਈ ਥਾਈਂ ਅੱਗ ਵੀ ਲਾਈ ਜਾ ਰਹੀ ਹੈ। -ਏਪੀ
ਗ਼ੈਰ ਫੌਜੀ ਆਗੂ ਥਾਨ ਵੱਲੋਂ ਜੁੰਟਾ ਖ਼ਿਲਾਫ਼ ‘ਇਨਕਲਾਬ’ ਦਾ ਅਹਿਦ
ਮਾਂਡਲੇ: ਮਿਆਂਮਾਰ ’ਚ ਰਾਜ ਪਲਟੇ ਤੋਂ ਬਾਅਦ ਲੁਕ ਕੇ ਰਹਿ ਰਹੇ ਗ਼ੈਰ-ਫੌਜੀ ਆਗੂਆਂ ਦੀ ਅਗਵਾਈ ਕਰ ਰਹੇ ਮਾਹਨ ਵਿਨ ਖਾਇੰਗ ਥਾਨ ਨੇ ਫੌਜ ਨੂੰ ਸੱਤਾ ਤੋਂ ਬਾਹਰ ਕਰਨ ਲਈ ‘ਇਨਕਲਾਬ’ ਨੂੰ ਹਮਾਇਤ ਦੇਣ ਦਾ ਅਹਿਦ ਲਿਆ ਹੈ। ਥਾਨ ਨੂੰ ਮਿਆਂਮਾਰ ’ਚ ਫੌਜ ਤੋਂ ਲੁਕ ਕੇ ਰਹਿ ਰਹੇ ਸੰਸਦ ਮੈਂਬਰਾਂ ਨੇ ਕਾਰਜਕਾਰੀ ਉਪ ਰਾਸ਼ਟਰਪਤੀ ਨਾਮਜ਼ਦ ਕੀਤਾ ਹੈ ਅਤੇ ਉਹ ਹਿਰਾਸਤ ’ਚ ਲਈ ਗਈ ਆਗੂ ਆਂਗ ਸਾਂ ਸੂ ਕੀ ਦੀ ਪਾਰਟੀ ਦਾ ਮੈਂਬਰ ਹੈ। ਉਸ ਨੇ ਫਰਵਰੀ ’ਚ ਰਾਜ ਪਲਟੇ ਤੋਂ ਬਾਅਦ ਪਹਿਲੀ ਵਾਰ ਬੀਤੇ ਦਿਨ ਰੈਲੀ ਨੂੰ ਸੰਬੋਧਨ ਕੀਤਾ। ਉਸ ਨੇ ਇੱਕ ਵੈੱਬਸਾਈਟ ਅਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਵੀਡੀਓ ’ਚ ਕਿਹਾ, ‘ਇਹ ਦੇਸ਼ ਲਈ ਸਭ ਤੋਂ ਹਨੇਰੇ ਵਾਲਾ ਸਮਾਂ ਹੈ ਅਤੇ ਜਲਦੀ ਹੀ ਸਵੇਰ ਹੋਣ ਵਾਲੀ ਹੈ।’ ਉਨ੍ਹਾਂ ਕਿਹਾ ਕਿ ਇਹ ਇਨਕਲਾਬ ਸੰਘੀ ਲੋਕਤੰਤਰ ਸਥਾਪਤ ਕਰਨ ’ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਇਕਜੁੱਟ ਕਰਨ ਦਾ ਮੌਕਾ ਹੈ। -ਪੀਟੀਆਈ