ਯੈਂਗੋਨ, 3 ਮਾਰਚ
ਮਿਆਂਮਾਰ ਵਿੱਚ ਫ਼ੌਜ ਵੱਲੋਂ ਤਖ਼ਤਾ ਪਲਟਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਖਦੇੜਨ ਲਈ ਅੱਜ ਪੁਲੀਸ ਨੇ ਮੁੜ ਅੱਥਰੂ ਗੈਸ ਦੇ ਗੋਲਿਆਂ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ। ਵੱਖ ਵੱਖ ਸ਼ਹਿਰਾਂ ਤੋਂ ਆਈਆਂ ਖ਼ਬਰਾਂ ਅਨੁਸਾਰ, ਪੁਲੀਸ ਨੇ ਕਾਰਤੂਸ ਦੀ ਵਰਤੋਂ ਵੀ ਕੀਤੀ। ਸੋਸ਼ਲ ਮੀਡੀਆ ਤੇ ਸਥਾਨਕ ਮੀਡੀਆ ਅਨੁਸਾਰ ਸੁਰੱਖਿਆ ਬਲਾਂ ਦੀ ਕਾਰਵਾਈ ਦੌਰਾਨ ਅੱਜ ਕਰੀਬ ਛੇ ਲੋਕ ਮਾਰੇ ਗਏ ਹਨ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਯਿੰਗਯਾਂਗ ’ਚ 14 ਸਾਲਾ ਲੜਕੇ ਨੂੰ ਗੋਲੀ ਮਾਰੀ ਗਈ। ਇਸ ਤੋਂ ਬਾਅਦ ਦੂਜੀ ਮੌਤ ਹੋਈ। ਹੋਰ ਵੱਖ ਵੱਖ ਥਾਵਾਂ ’ਤੇ ਵੀ ਚਾਰ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ।
ਪਹਿਲੀ ਫਰਵਰੀ ਨੂੰ ਫ਼ੌਜ ਵੱਲੋਂ ਤਖ਼ਤਾ ਪਲਟਾਉਣ ਵਿਰੁੱਧ ਹੋ ਰਹੇ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਮਿਆਂਮਾਰ ਦੇ ਨਵੇਂ ਫ਼ੌਜੀ ਸ਼ਾਸਕਾਂ ਨੇ ਹਿੰਸਕ ਬਲ ਦੀ ਵਰਤੋਂ ਵਧਾ ਦਿੱਤੀ ਹੈ ਤੇ ਸਮੂਹਿਕ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਦਫ਼ਤਰ ਨੇ ਐਤਵਾਰ ਤਕ 18 ਵਿਅਕਤੀਆਂ ਦੀ ਮੌਤ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
ਹਿੰਸਾ ਵਧਣ ਮਗਰੋਂ ਮਿਆਂਮਾਰ ਦੇ ਸਿਆਸੀ ਸੰਕਟ ਦਾ ਹੱਲ ਕੱਢਣ ਲਈ ਕੂਟਨੀਤਕ ਯਤਨ ਵਧਾ ਦਿੱਤੇ ਗਏ ਹਨ। ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਸ਼ੁੱਕਰਵਾਰ ਨੂੰ ਮਿਆਂਮਾਰ ਦੇ ਹਾਲਾਤ ਸਬੰਧੀ ਬੈਠਕ ਕਰ ਸਕਦੀ ਹੈ। ਕੌਂਸਲ ਦੇ ਰਾਜਦੂਤਾਂ ਨੇ ਦੱਸਿਆ ਕਿ ਇਸ ਮੀਟਿੰਗ ਲਈ ਬਰਤਾਨੀਆ ਨੇ ਅਪੀਲ ਕੀਤੀ ਹੈ।
ਇਸੇ ਦੌਰਾਨ ਦੱਖਣ ਪੂਰਬੀ ਦੇਸ਼ਾਂ ਦੇ ਸੰਗਠਨ (ਆਸਿਆਨ) ਦੇ ਵਿਦੇਸ਼ ਮੰਤਰੀਆਂ ਦੀ ਬੀਤੇ ਦਿਨ ਬੈਠਕ ਹੋਈ, ਜਿਸ ਵਿੱਚ ਸਹਾਇਕ ਕਦਮਾਂ ’ਤੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਸਮੂਹ ਦੀ ਅਪੀਲ ਨੂੰ ਪਾਸੇ ਕਰ ਕੇ ਮਿਆਂਮਾਰ ਦੇ ਸੁਰੱਖਿਆ ਬਲਾਂ ਨੇ ਅੱਜ ਵੀ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਬਲ ਦੀ ਵਰਤੋਂ ਕੀਤੀ। -ਪੀਟੀਆਈ