ਗੁਰਚਰਨ ਸਿੰਘ ਕਾਹਲੋਂ/ਏਜੰਸੀ
ਸਿਡਨੀ/ਮਾਂਡਲੇ, 8 ਮਾਰਚ
ਮਿਆਂਮਾਰ ਵਿਚ ਅੱਜ ਸੁਰੱਖਿਆ ਬਲਾਂ ਵੱਲੋਂ ਚਲਾਈ ਗੋਲੀ ਨਾਲ ਫ਼ੌਜੀ ਰਾਜ ਪਲਟੇ ਖ਼ਿਲਾਫ਼ ਰੋਸ ਪ੍ਰਗਟਾ ਰਹੇ ਦੋ ਜਣਿਆਂ ਦੀ ਮੌਤ ਹੋ ਗਈ।
ਰਿਪੋਰਟ ਮੁਤਾਬਕ ਕਾਚਿਨ ਸੂਬੇ ਵਿਚ ਮੁਜ਼ਾਹਰਾਕਾਰੀਆਂ ਦੇ ਸਿਰ ’ਚ ਗੋਲੀ ਮਾਰੀ ਗਈ ਹੈ। ਇਕ ਵੀਡੀਓ ਵਿਚ ਪੁਲੀਸ ਅੱਥਰੂ ਗੈਸ ਦੀ ਵਰਤੋਂ ਕਰ ਰਹੀ ਹੈ। ਜਵਾਬ ਵਿਚ ਰੋਸ ਪ੍ਰਗਟਾਉਣ ਵਾਲਿਆਂ ਨੇ ਵੀ ਪੱਥਰਬਾਜ਼ੀ ਕੀਤੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਗੋਲੀ ਚਲਾ ਦਿੱਤੀ। ਮੁਲਕ ਦੇ ਕਈ ਹੋਰ ਖੇਤਰਾਂ ਵਿਚ ਵੀ ਬਲਾਂ ਨੇ ਲੋਕਾਂ ’ਤੇ ਸਖ਼ਤੀ ਵਰਤੀ ਹੈ। ਇਸ ਦੇ ਬਾਵਜੂਦ ਕਈ ਵੱਡੇ ਸ਼ਹਿਰਾਂ ਵਿਚ ਰੋਸ ਮੁਜ਼ਾਹਰੇ ਜਾਰੀ ਹਨ। ਮਿਆਂਮਾਰ ਦੇ ਫ਼ੌਜੀ ਰਾਜ ਪਲਟੇ ਖ਼ਿਲਾਫ਼ ਅਤੇ ਲੋਕਤੰਤਰ ਦੀ ਬਹਾਲੀ ਲਈ ਸਿਡਨੀ ਵਿੱਚ ਅੱਜ ਰੈਲੀਆਂ ਕੀਤੀਆਂ ਗਈਆਂ। ਆਸਟਰੇਲੀਆ ਨੇ ਮਿਆਂਮਾਰ ਨਾਲ ਆਪਣੇ ਸੈਨਿਕ ਸਬੰਧ ਮੁਅੱਤਲ ਕਰ ਦਿੱਤੇ ਹਨ। ਆਸਟਰੇਲੀਆ ਦੇ ਵਿਦੇਸ਼ ਮੰਤਰੀ ਮੈਰੀਜ਼ ਪੈਨੇ ਨੇ ਕਿਹਾ ਕਿ ਮੁਲਕ ਦੇ ਵਿਕਾਸ ਪ੍ਰੋਗਰਾਮ ਨੂੰ ਰੋਹਿੰਗੀਆ ਅਤੇ ਹੋਰ ਨਸਲੀ ਤੌਰ ’ਤੇ ਪੱਖਪਾਤ ਦੇ ਸ਼ਿਕਾਰ ਘੱਟ ਗਿਣਤੀ ਲੋਕਾਂ ਵੱਲ ਸੇਧਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਬੇ-ਕੁਚਲੇ ਲੋਕਾਂ ਦੀ ਭਲਾਈ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਮਿਆਂਮਾਰ ਦੇ ਗੈਰ-ਸਰਕਾਰੀ ਸੰਗਠਨਾਂ ਨੂੰ ਵੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਆਸਟਰੇਲੀਆ ਨੇ ਮਿਆਂਮਾਰ ’ਚ ਵੱਧ ਰਹੇ ਰੋਸ ਨੂੰ ਠੱਲ੍ਹਣ ਲਈ ਬਲਾਂ ਵੱਲੋਂ ਵਰਤੀ ਸਖ਼ਤੀ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਂਗ ਸਾਂ ਸੂ ਕੀ ਤੇ ਹੋਰਨਾਂ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ਹੈ। ਦੱਸਣਯੋਗ ਹੈ ਕਿ ਆਸਟਰੇਲੀਆ ਦਾ ਮਿਆਂਮਾਰ ਦੀ ਫ਼ੌਜ ਨਾਲ ਦੁਵੱਲਾ ਰੱਖਿਆ ਸਹਿਯੋਗ ਪ੍ਰੋਗਰਾਮ ਚੱਲ ਰਿਹਾ ਸੀ। ਇਹ ਅੰਗਰੇਜ਼ੀ ਭਾਸ਼ਾ ਦੀ ਸਿਖਲਾਈ ਵਰਗੇ ਗੈਰ-ਜੰਗੀ ਖੇਤਰਾਂ ਤੱਕ ਸੀਮਤ ਸੀ। ਪੈਨੇ ਨੇ ਕਿਹਾ ਕਿ ਆਸਟਰੇਲੀਆ ਨੇ ਅੰਤਰਰਾਸ਼ਟਰੀ ਭਾਈਵਾਲਾਂ ਖਾਸ ਕਰ ਕੇ ਏਸ਼ਿਆਈ ਗੁਆਂਢੀਆਂ ਜਾਪਾਨ ਤੇ ਭਾਰਤ ਨਾਲ ਮਿਆਂਮਾਰ ਦੀ ਸਥਿਤੀ ਬਾਰੇ ਚਰਚਾ ਕੀਤੀ ਹੈ।