ਦੋਹਾ, 6 ਜੂਨ
ਭਾਰਤ ਦੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨੇ ਅੱਜ ਕਤਰ ਕੰਸਲਟੇਟਿਵ ਅਸੈਂਬਲੀ (ਸ਼ੂਰਾ ਕੌਂਸਲ) ਦੇ ਸਪੀਕਰ ਹਸਨ ਬਿਨ ਅਬਦੁੱਲਾ ਅਲ ਘਨੀਮ ਨਾਲ ਮੁਲਾਕਾਤ ਕਰਦਿਆਂ ਭਾਰਤੀ ਤੇ ਕਤਰ ਦੇ ਸੰਸਦ ਮੈਂਬਰਾਂ ਵਿਚਾਲੇ ਤਾਲਮੇਲ ਵਧਾਉਣ ਦੀ ਅਪੀਲ ਕੀਤੀ। ਨਾਇਡੂ 30 ਮਈ ਤੋਂ 7 ਜੂਨ ਤੱਕ ਤਿੰਨ ਦੇਸ਼ਾਂ ਦੇ ਦੌਰੇ ’ਤੇ ਹਨ ਅਤੇ ਇਸ ਦੌਰੇ ਦੇ ਆਖਰੀ ਪੜਾਅ ਤਹਿਤ ਉਹ ਸ਼ਨਿਚਰਵਾਰ ਨੂੰ ਇੱਥੇ ਪਹੁੰਚੇ ਸਨ।
ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ, ‘‘ਕਤਰ ਸ਼ੂਰਾ ਕੌਂਸਲ ਦੇ ਸਪੀਕਰ ਹਸਨ ਬਿਨ ਅਬਦੁੱਲਾ ਅਲ ਘਨੀਮ ਨੇ ਦੋਹਾ ਵਿੱਚ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕੀਤੀ।’’ ਗੱਲਬਾਤ ਦੌਰਾਨ ਨਾਇਡੂ ਨੇ ਭਾਰਤ ਅਤੇ ਕਤਰ ਦੀਆਂ ਸੰਸਦਾਂ ਵਿਚਾਲੇ ਤਾਲਮੇਲ ਵਧਾਉਣ ਦੀ ਅਪੀਲ ਕੀਤੀ। ਇਸ ਦੌਰਾਨ ਉਪ ਰਾਸ਼ਟਰਪਤੀ ਨੇ ਕਤਰ ਨੈਸ਼ਨਲ ਮਿਊਜ਼ੀਅਮ ਦਾ ਦੌਰਾ ਕੀਤਾ ਅਤੇ ਭਾਰਤੀ ਵਪਾਰੀਆਂ ਨਾਲ ਵੀ ਗੱਲਬਾਤ ਕੀਤੀ। ਬੀਤੇ ਦਿਨ ਨਾਇਡੂ ਨੇ ਕਤਰ ਦੇ ਪ੍ਰਧਾਨ ਮੰਤਰੀ ਸ਼ੇਖ ਖਾਲਿਦ ਬਿਨ ਖਲੀਫਾ ਬਿਨ ਅਬਦੁਲਅਜ਼ੀਜ਼ ਅਲ ਥਾਨੀ ਨਾਲ ਮੁਲਾਕਾਤ ਕਰ ਕੇ ਵਪਾਰ, ਨਿਵੇਸ਼ ਅਤੇ ਸੁਰੱਖਿਆ ਸਹਿਯੋਗ ਵਰਗੇ ਮੁੱਦਿਆਂ ’ਤੇ ਗੱਲਬਾਤ ਕੀਤੀ ਸੀ। -ਪੀਟੀਆਈ