ਯੇਰੂਸ਼ਲਮ, 14 ਜੂਨ
ਨਫਤਾਲੀ ਬੇਨੇਟ ਨੇ ਐਤਵਾਰ ਨੂੰ ਇਜ਼ਰਾਈਲ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ। ਸਾਬਕਾ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਦੇ ਸਹਿਯੋਗੀ ਰਹੇ ਬੇਨੇਟ ਨੇ ਉਨ੍ਹਾਂ ਦੀਆਂ ਗਲਤ ਨੀਤੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਨੇਤਨਯਾਹੂ ਦੇ 12 ਸਾਲ ਦਾ ਸ਼ਾਸਨ ਖ਼ਤਮ ਕਰਨ ਲਈ ਬੇਨੇਟ ਨੇ ਮੱਧ ਅਤੇ ਖੱਬੇ ਪੱਖੀ ਪਾਰਟੀਆਂ ਨਾਲ ਗਠਜੋੜ ਕੀਤਾ। ਉਨ੍ਹਾਂ ਦੀ ਰਾਸ਼ਟਰਵਾਦੀ ਯਾਮਿਨਾ ਪਾਰਟੀ ਨੇ ਮਾਰਚ ਵਿੱਚ ਹੋਈਆਂ ਚੋਣਾਂ ਵਿੱਚ 120 ਮੈਂਬਰੀ ਨੇਸੇਟ(ਇਜ਼ਰਾਇਲੀ ਸੰਸਦ)ਵਿੱਚ ਮਹਿਜ਼ ਸੱਤ ਸੀਟਾਂ ਜਿੱਤੀਆਂ ਸਨ, ਪਰ ਉਨ੍ਹਾਂ ਨੇ ਨੇਤਨਯਾਹੂ ਜਾਂ ਆਪਣੇ ਵਿਰੋਧੀਆਂ ਅੱਗੇ ਹਾਰ ਨਹੀਂ ਮੰਨੀ ਅਤੇ ‘ਕਿੰਗਮੇਕਰ’ ਬਣ ਕੇ ਉਭਰੇ। ਬੇਨੇਟ ਲੰਮੇ ਸਮੇਂ ਤਕ ਨੇਤਨਯਾਹੂ ਦੇ ਖਾਸ ਰਹੇ, ਪਰ ਉਹ ਉਨ੍ਹਾਂ ਦੇ ਗੱਠਜੋੜ ਦੇ ਤਰੀਕਿਆਂ ਤੋਂ ਨਾਖੁ਼ਸ ਸਨ। ਸੰਸਦ ਵਿੱਚ ਘੱਟ ਬਹੁਮਤ ਹੋਣ ਦੇ ਬਾਵਜੂਦ ਉਹ ਦੱਖਣਪੰਥੀ, ਖੱਬੇ ਪੱਖੀ ਅਤੇ ਵਿਚਕਾਰਲਾ ਰਾਹ ਚੁਣ ਵਾਲੀਆਂ ਪਾਾਰਟੀਆਂ ਦੇ ਨਾਲ ਗੱਠਜੋੜ ਸਰਕਾਰ ਬਣਾਉਣ ਵਿੱਚ ਸਫ਼ਲ ਰਹੇ। ਇਸ ਕਾਰਨ ਉਨ੍ਹਾਂ ਦੀ ਅੱਗੇ ਦੀ ਰਾਹ ਸੌਖੀ ਨਹੀਂ ਹੋਵੇਗੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ’ਤੇ ਨਫਤਾਲੀ ਬੇਨੇਟ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਹ ਦੋਨਾਂ ਮੁਲਕਾਂ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਚਾਹਵਾਨ ਹਨ। ਮੋਦੀ ਨੇ ਟਵੀਟ ਕੀਤਾ,‘‘ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਬਣਨ ’ਤੇ ਨਫ਼ਤਾਲੀ ਨੂੰ ਵਧਾਈਆਂ। ਅਸੀਂ ਅਗਲੇ ਵਰ੍ਹੇ ਆਪਣੇ ਕੂਟਨੀਤਕ ਸਬੰਧਾਂ ਦੇ 30 ਵਰ੍ਹੇ ਪੂਰੇ ਕਰ ਰਹੇ ਹਾਂ ਅਤੇ ਇਸ ਮੌਕੇ ’ਤੇ ਮੈਂ ਤੁਹਾਨੂੰ ਮਿਲਣ ਅਤੇ ਦੋਵਾਂ ਮੁਲਕ ਵਿਚਾਲੇ ਰਣਨੀਤਕ ਭਾਈਵਾਲੀ ਨੂੰ ਵਧੇਰੇ ਮਜ਼ਬੂਤ ਕਰਨ ਦਾ ਚਾਹਵਾਨ ਹਾਂ।’’ -ਏਜੰਸੀ