ਕਾਠਮੰਡੂ, 21 ਜੁਲਾਈ
ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਮੀਟਿੰਗ ਪ੍ਰਧਾਨ ਮੰਤਰੀ ਕੇ.ਪੀ.ਸ਼ਰਮਾ ਓਲੀ ਤੇ ਰਵਾਇਤੀ ਸ਼ਰੀਕ ਧੜੇ ਦੀ ਅਗਵਾਈ ਕਰ ਰਹੇ ਪਾਰਟੀ ਦੇ ਕਾਰਜਕਾਰੀ ਚੇਅਰਪਰਸਨ ਪੁਸ਼ਪ ਕਮਲ ਦਾਹਲ ਉਰਫ਼ ‘ਪ੍ਰਚੰਡ’ ਵਿਚਾਲੇ ਵੱਖਰੇਵਿਆਂ ਨੂੰ ਦੂਰ ਕਰਨ ਵਿੱਚ ਨਾਕਾਮ ਰਹੀ ਹੈ। ਸੀਨੀਅਰ ਪਾਰਟੀ ਆਗੂ ਗਣੇਸ਼ ਸ਼ਾਹ ਨੇ ਕਿਹਾ ਕਿ ਸਟੈਂਡਿੰਗ ਕਮੇਟੀ ਦੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਇਸ ਮੀਟਿੰਗ ਵਿੱਚ ਕਿਸੇ ਵੀ ਸਿਆਸੀ ਮੁੱਦੇ ’ਤੇ ਕੋਈ ਚਰਚਾ ਨਹੀਂ ਹੋਈ। ਸ਼ਾਹ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਓਲੀ ਖੁ਼ਦ ਗੈਰਹਾਜ਼ਰ ਸਨ ਤੇ ਐੱਨਸੀਪੀ ਦੀ ਸਿਖਰਲੀ ਬਾਡੀ ਦੀ ਮੀਟਿੰਗ ਹੁਣ ਅਗਲੇ ਹਫ਼ਤੇ ਹੋਵੇਗੀ। ਚੇਤੇ ਰਹੇ ਕਿ ਓਲੀ ਤੇ ਪ੍ਰਚੰਡਾ ਵੱਲੋਂ ਵੱਖਰੇਵੇਂ ਦੂਰ ਕਰਨ ਲਈ ਵਾਧੂ ਸਮਾਂ ਮੰਗੇ ਜਾਣ ਕਰਕੇ ਹੁਣ ਤਕ ਸੱਤ ਵਾਰ ਮੀਟਿੰਗ ਮੁਲਤਵੀ ਕੀਤੀ ਜਾ ਚੁੱਕੀ ਹੈ।
ਸਟੈਂਡਿੰਗ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਨੂੰ ਵੀ ਪਹਿਲਾਂ ਦੋ ਘੰਟਿਆਂ ਲਈ ਅੱਗੇ ਪਾਇਆ ਗਿਆ ਕਿਉਂਕਿ ਪ੍ਰਧਾਨ ਮੰਤਰੀ ਓਲੀ ਸੱਤਾ ਸਾਂਝੀ ਕਰਨ ਦੇ ਮੁੱਦੇ ’ਤੇ ਪਾਰਟੀ ਦੇ ਕਾਰਜਕਾਰੀ ਚੇਅਰਮੈਨ (ਪ੍ਰਚੰਡਾ) ਨਾਲ ਮੀਟਿੰਗ ਕਰ ਰਹੇ ਸਨ। ਉਂਜ ਸਟੈਂਡਿੰਗ ਕਮੇਟੀ ਦੀ ਅੱਜ ਦੀ ਮੀਟਿੰਗ ਵਿੱਚ ਸਿਆਸੀ ਮੁੱਦਿਆਂ ਦੀ ਥਾਂ ਮੁੱਖ ਤੌਰ ’ਤੇ ਮੁਲਕ ਨੂੰ ਦਰਪੇਸ਼ ਥਾਂ ਕੁਦਰਤੀ ਆਫ਼ਤਾਂ ਬਾਰੇ ਹੀ ਚਰਚਾ ਹੋਈ। ਕਮੇਟੀ ਦੀ ਅਗਲੀ ਮੀਟਿੰਗ ਹੁਣ 28 ਜੁਲਾਈ ਨੂੰ ਸਵੇਰੇ 11ਵਜੇ ਬਾਲੂਵਾਟਰ ਵਿੱਚ ਹੋਵੇਗੀ। ਸ਼ਾਹ ਨੇ ਕਿਹਾ ਕਿ ਇਸ ਮੌਕੇ ਪਾਰਟੀ ਦੀਆਂ ਸਰਗਰਮੀਆਂ, ਸਰਕਾਰ ਦੀ ਕਾਰਗੁਜ਼ਾਰੀ, ਪਾਰਟੀ ਕੇਡਰ ਤੇ ਆਗੂਆਂ ਵਿੱਚ ਕੰਮ ਦੀ ਵੰਡ ਅਤੇ ਤਜਵੀਜ਼ਤ ਜਨਰਲ ਕਨਵੈਨਸ਼ਨ ਸਮੇਤ ਹੋਰਨਾਂ ਮੁੱਦਿਆਂ ’ਤੇ ਨਜ਼ਰਸਾਨੀ ਕੀਤੀ ਜਾਵੇਗੀ। -ਪੀਟੀਆਈ