ਵਾਸ਼ਿੰਗਟਨ, 6 ਅਗਸਤ
ਅਮਰੀਕਾ ’ਚ ਰੁਜ਼ਗਾਰ ਆਧਾਰਿਤ ਕਰੀਬ ਇਕ ਲੱਖ ਗਰੀਨ ਕਾਰਡ ਦੋ ਮਹੀਨਿਆਂ ਦੇ ਅੰਦਰ ਵਿਅਰਥ ਜਾਣ ਦਾ ਖ਼ਦਸ਼ਾ ਹੈ। ਭਾਰਤੀ ਆਈਟੀ ਮਾਹਿਰਾਂ ਸਮੇਤ ਹੋਰ ਪਰਵਾਸੀ, ਜਿਹੜੇ ਦਹਾਕਿਆਂ ਤੋਂ ਕਾਨੂੰਨੀ ਤੌਰ ’ਤੇ ਪੱਕੀ ਨਾਗਰਿਕਤਾ ਦੀ ਉਡੀਕ ਕਰ ਰਹੇ ਸਨ, ਇਸ ਫ਼ੈਸਲੇ ਤੋਂ ਨਾਰਾਜ਼ ਹਨ। ਭਾਰਤੀ ਮਾਹਿਰ ਸੰਦੀਪ ਪਵਾਰ ਨੇ ਦੱਸਿਆ ਕਿ ਇਸ ਸਾਲ ਰੁਜ਼ਗਾਰ ਆਧਾਰਿਤ ਪਰਵਾਸੀਆਂ ਲਈ ਪੱਕੀ ਨਾਗਰਿਕਤਾ ਦਾ ਕੋਟਾ 261,500 ਹੈ ਜੋ ਪਹਿਲਾਂ 140,000 ਹੁੰਦਾ ਹੈ। ਉਸ ਨੇ ਕਿਹਾ ਕਿ ਜੇਕਰ ਕਾਨੂੰਨ ਤਹਿਤ ਇਹ ਵੀਜ਼ੇ 30 ਸਤੰਬਰ ਤੱਕ ਜਾਰੀ ਨਾ ਕੀਤੇ ਗਏ ਤਾਂ ਇਹ ਸਦਾ ਲਈ ਖ਼ਤਮ ਹੋ ਜਾਣਗੇ। ਉਸ ਨੇ ਦੱਸਿਆ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾਵਾਂ ਵੱਲੋਂ ਵੀਜ਼ਾ ਪ੍ਰਕਿਰਿਆ ਦੀ ਮੌਜੂਦਾ ਰਫ਼ਤਾਰ ਦਰਸਾਉਂਦੀ ਹੈ ਕਿ ਉਹ ਇਕ ਲੱਖ ਤੋਂ ਜ਼ਿਆਦਾ ਗਰੀਨ ਕਾਰਡ ਬੇਕਾਰ ਕਰ ਦੇਣਗੇ। ਇਸ ਤੱਥ ਦੀ ਵੀਜ਼ਾ ਵਰਤੋਂ ਤੈਅ ਕਰਨ ਵਾਲੇ ਵਿਦੇਸ਼ ਮੰਤਰਾਲੇ ਦੇ ਇੰਚਾਰਜ ਨੇ ਹੁਣੇ ਜਿਹੇ ਪੁਸ਼ਟੀ ਕੀਤੀ ਹੈ। ਵ੍ਹਾਈਟ ਹਾਊਸ ਨੇ ਇਸ ਮੁੱਦੇ ’ਤੇ ਪੁੱਛੇ ਗਏ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਹੈ। ਉਧਰ ਅਮਰੀਕਾ ’ਚ ਰਹਿ ਰਹੇ 125 ਭਾਰਤੀਆਂ ਅਤੇ ਚੀਨੀ ਨਾਗਰਿਕਾਂ ਨੇ ਗਰੀਨ ਕਾਰਡ ਬਰਬਾਦ ਹੋਣ ਤੋਂ ਰੋਕਣ ਲਈ ਕੇਸ ਕੀਤਾ ਹੈ। ਇਸ ਦੌਰਾਨ ‘ਦਿ ਵਾਸ਼ਿੰਗਟਨ ਪੋਸਟ’ ’ਚ ਕਾਟੋ ਇੰਸਟੀਚਿਊਟ ਦੇ ਰਿਸਰਚ ਫੈਲੋ ਡੇਵਿਡ ਜੇ ਬਾਇਰ ਵੱਲੋਂ ਲਿਖੇ ਲੇਖ ’ਚ ਦੋਸ਼ ਲਾਇਆ ਗਿਆ ਹੈ ਕਿ ਗਰੀਨ ਕਾਰਡਾਂ ਦੀ ਬਰਬਾਦੀ ਲਈ ਬਾਇਡਨ ਸਰਕਾਰ ਜ਼ਿੰਮੇਵਾਰ ਹੈ। -ਪੀਟੀਆਈ