ਸਤਬਿੀਰ ਸਿੰਘ
ਬਰੈਂਪਟਨ 3 ਅਕਤੂਬਰ
ਕੈਨੇਡਾ ਵਿੱਚ ਪੰਜਾਬੀ ਲਹਿਰ ਦੇ ਮੋਢੀ ਮਰਹੂਮ ਦਰਸ਼ਨ ਸਿੰਘ ਬੈਂਸ ਦੀ ਯਾਦ ਵਿੱਚ ਕਲਮ ਫਾਊਂਡੇਸ਼ਨ ਵੱਲੋਂ ਤਿੰਨ ਰੋਜ਼ਾ ਪੰਜਾਬੀ ਵਿਸ਼ਵ ਸੰਮੇਲਨ ਕਰਵਾਇਆ ਗਿਆ। ਇਸ ਦੌਰਾਨ ਪਹੁੰਚੇ ਵਿਦਵਾਨਾਂ ਨੇ ‘ਪੰਜਾਬੀਅਤ ਦੀ ਪੁਨਰਸਿਰਜਣਾ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸ਼ਾਇਰਾ ਡਾ. ਵਨੀਤਾ ਨੇ ਕਿਹਾ ਕਿ ਭੋਜਨ ਦੇ ਲੰਗਰਾਂ ਦੇ ਨਾਲ ਹੁਣ ਗਿਆਨ ਦੇ ਲੰਗਰ ਲਾਉਣੇ ਵੀ ਆਰੰਭ ਕਰਨੇ ਚਾਹੀਦੇ ਹਨ ਤਾਂ ਜੋ ਪੰਜਾਬੀ ਨਵੇਂ ਰਾਹ ਅਤੇ ਮਾਡਲ ਤਲਾਸ਼ ਸਕਣ। ਉਨ੍ਹਾਂ ਕਿਹਾ ਕਿ ਪਰੰਪਰਾਵਾਂ ਦੇ ਹੇਰਵੇ ਨਾਲ ਪੰਜਾਬੀ ਦੁਨੀਆਂ ਦੇ ਹਾਣ ਦੇ ਹੋਣ ਦੀ ਹਾਮੀ ਨਹੀਂ ਭਰ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬੀ ਸੰਗੀਤ ਦੀ ਰੂਹ ਨੂੰ ਸਰਮਾਏਦਾਰੀ ਨੇ ਖੋਹ ਕੇ ਬਾਜ਼ਾਰੀ ਰੁਚੀਆਂ ਅਨੁਸਾਰ ਢਾਲ ਦਿੱਤਾ ਹੈ। ਇਸ ਮੌਕੇ ਗੁਰਬਖਸ਼ ਸਿੰਘ ਮੱਲ੍ਹੀ, ਵਿਧਾਇਕ ਦੀਪਕ ਆਨੰਦ, ਡਾ. ਗੁਰਨਾਮ ਕੌਰ ਤੇ ਡਾ. ਗੁਰਦੀਪ ਕੌਰ ਨੇ ਵੀ ਸੰਬੋਧਨ ਕੀਤਾ।