ਕਾਠਮੰਡੂ: ਨੇਪਾਲ ਦਾ 18 ਸਾਲਾ ਨੀਮਾ ਰਿੰਜੀ ਸ਼ੇਰਪਾ ਚੀਨ ਦੇ ਮਾਊਂਟ ਸ਼ਿਸ਼ਾਪਾਂਗਮਾ ’ਤੇ ਸਫਲ ਚੜ੍ਹਾਈ ਨਾਲ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ (8,000 ਮੀਟਰ ਤੋਂ ਉੱਪਰ) ’ਤੇ ਚੜ੍ਹਨ ਵਾਲਾ ਸਭ ਤੋਂ ਛੋਟੀ ਉਮਰ ਦਾ ਪਰਬਤਾਰੋਹੀ ਬਣ ਗਿਆ ਹੈ। ਨੀਮਾ ਅਤੇ ਉਸ ਦੇ ਸਾਥੀ ਪਸਾਂਗ ਨੂਰਬੂ ਸ਼ੇਰਪਾ ਨੇ ਅੱਜ ਸਵੇਰੇ 3.30 ਵਜੇ ਸਮੁੰਦਰ ਤਲ ਤੋਂ 8,027 ਮੀਟਰ ਉੱਚੇ ਸ਼ਿਸ਼ਾਪਾਂਗਮਾ ਦੀ ਚੋਟੀ ’ਤੇ ਪਹੁੰਚਦੇ ਹੀ ਆਪਣੇ ਇੰਸਟਾਗ੍ਰਾਮ ਪੇਜ ’ਤੇ ਇਸ ਬਾਰੇ ਐਲਾਨ ਕੀਤਾ। ਉਸ ਨੇ ਪੋਸਟ ਕੀਤਾ, ‘ਅੱਜ ਮੈਂ 14ਵੀਂ ਵਾਰ 8,000 ਮੀਟਰ ਤੋਂ ਉੱਪਰ ਦੀ ਚੋਟੀ ’ਤੇ ਪਹੁੰਚਿਆ। ਮੈਂ ਇਸ ਵਿਸ਼ਵ ਰਿਕਾਰਡ ਪ੍ਰਾਪਤੀ ਨੂੰ ਆਪਣੀ ‘ਸ਼ੇਰਪਾ ਪਾਵਰ’ ਸਕੀਮ ਨੂੰ ਸਮਰਪਿਤ ਕਰਦਾ ਹਾਂ।’ ਨੀਮਾ ਪਰਬਤਾਰੋਹੀਆਂ ਦੇ ਪਰਿਵਾਰ ਤੋਂ ਆਉਂਦਾ ਹੈ। -ਪੀਟੀਆਈ