ਕਾਠਮੰਡੂ, 19 ਜੁਲਾਈ
ਨੇਪਾਲ ਦੀ ਹੁਕਮਰਾਨ ਕਮਿਊਨਿਸਟ ਪਾਰਟੀ ਨੇ ਆਪਣੀ ਤਾਕਤਵਰ ਸਟੈਂਡਿੰਗ ਕਮੇਟੀ ਦੀ ਅਹਿਮ ਬੈਠਕ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਹੈ। ਇਸ ਦੇ ਨਾਲ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਸਾਬਕਾ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਵਿਚਕਾਰ ਸਮਝੌਤਾ ਕਰਾਊਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਇਹ ਸੱਤਵੀਂ ਵਾਰ ਹੈ ਕਿ ਹੁਕਮਰਾਨ ਧਿਰ ਨੇ ਆਪਣੀ ਸਟੈਂਡਿੰਗ ਕਮੇਟੀ ਦੀ ਬੈਠਕ ਮੁਲਤਵੀ ਕੀਤੀ ਹੈ। ਸਟੈਂਡਿੰਗ ਕਮੇਟੀ ਦੇ ਮੈਂਬਰ ਗਣੇਸ਼ ਸ਼ਾਹ ਨੇ ਦੱਸਿਆ ਕਿ ਦੋਵੇਂ ਆਗੂਆਂ ਵਿਚਕਾਰ ਮੱਤਭੇਦਾਂ ਨੂੰ ਸੁਲਝਾਊਣ ਲਈ ਬੈਠਕ ਦੋ ਦਿਨਾਂ ਲਈ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਸ਼ਾਹ ਮੁਤਾਬਕ ਪਾਰਟੀ ਨੇ 441 ਮੈਂਬਰੀ ਸੈਂਟਰਲ ਵਰਕਿੰਗ ਕਮੇਟੀ ਦੀ ਅਹਿਮ ਬੈਠਕ ਸੱਦਣ ਦਾ ਵੀ ਫ਼ੈਸਲਾ ਲਿਆ ਹੈ। ਸੂਤਰਾਂ ਮੁਤਾਬਕ ਓਲੀ ਅਤੇ ਪ੍ਰਚੰਡ ਅੱਠ ਬੈਠਕਾਂ ਕਰ ਚੁੱਕੇ ਹਨ ਪਰ ਇਕ ਵਿਅਕਤੀ-ਇਕ ਅਹੁਦੇ ਦੀ ਸ਼ਰਤ ਪ੍ਰਧਾਨ ਮੰਤਰੀ ਨਹੀਂ ਮੰਨ ਰਹੇ ਹਨ ਜਿਸ ਕਾਰਨ ਅੜਿੱਕਾ ਬਣਿਆ ਹੋਇਆ ਹੈ। –ਪੀਟੀਆਈ