ਕਾਠਮੰਡੂ: ਨੇਪਾਲ ਦੀ ਮੁੱਖ ਵਿਰੋਧੀ ਪਾਰਟੀ ਅਤੇ ਦੇਸ਼ ਦੀ ਸਭ ਤੋਂ ਵੱਡੀ ਕਮਿਊਨਿਸਟ ਪਾਰਟੀ ਸੀਪੀਐੱਨ-ਯੂਐੱਮਐੱਲ ਅਧਿਕਾਰਤ ਰੂਪ ਵਿੱਚ ਦੋਫਾੜ ਹੋ ਗਈ ਹੈ। ਇਸ ਦਾ ਇਕ ਧੜਾ, ਪਾਰਟੀ ਤੋਂ ਅਸੰਤੁਸ਼ਟ ਆਗੂ ਮਾਧਵ ਕੁਮਾਰ ਨੇਪਾਲ ਦੀ ਅਗਵਾਈ ਹੇਠ ਨਵੀਂ ਸਿਆਸੀ ਪਾਰਟੀ ਵਜੋਂ ਰਜਿਸਟ੍ਰੇਸ਼ਨ ਲਈ ਅਰਜ਼ੀ ਦਾਖ਼ਲ ਕਰ ਰਿਹਾ ਹੈ। ਸਰਕਾਰ ਨੇ ਸਿਆਸੀ ਪਾਰਟੀਆਂ ਵਿੱਚ ਵੰਡ ਲਈ ਇਕ ਵਿਵਾਦਗ੍ਰਸਤ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਬਾਅਦ ਹੀ ਉਹ ਅਰਜ਼ੀ ਭੇਜ ਰਹੇ ਹਨ। ਮਾਧਵ ਕੁਮਾਰ ਨੇਪਾਲ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਅੱਗੇ ਨਵੀਂ ਪਾਰਟੀ ਸੀਪੀਐੱਨ-ਯੂਐੱਮਐੱਲ (ਸਮਾਜਵਾਦੀ) ਦੇ ਪੰਜੀਕਰਨ ਲਈ ਅਰਜ਼ੀ ਦਿੱਤੀ। ਇਸ ਤੋਂ ਪਹਿਲਾਂ ਮੰਤਰੀ ਪਰਿਸ਼ਦ ਦੀ ਮਨਜ਼ੂਰੀ ਮਗਰੋਂ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਨੇ ਸਿਆਸੀ ਦਲ ਦੇ ਨੇਮਾਂ ਵਿੱਚ ਤਬਦੀਲੀ ਲਈ ਇਕ ਆਰਡੀਨੈਂਸ ਜਾਰੀ ਕੀਤਾ। ਇਸ ਦਾ ਉਦੇਸ਼ ਸਿਆਸੀ ਦਲਾਂ ਵਿੱਚ ਵੰਡ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਹੈ। ਸਰਕਾਰ ਵੱਲੋਂ ਪੇਸ਼ ਆਰਡੀਨੈਂਸ ਤੋਂ ਘੱਟੋ ਘੱਟ ਦੋ ਪਾਰਟੀਆਂ ਵਿੱਚ ਵੰਡ ਹੋਵੇਗੀ। -ਪੀਟੀਆਈ