ਵੈਲਿੰਗਟਨ: ਨਿਊਜ਼ੀਲੈਂਡ ਦੀ ਸੰਸਦ ਦੇ ਅੱਗੇ ਤਿੰਨ ਹਫ਼ਤਿਆਂ ਤੋਂ ਵੱਧ ਸਮੇਂ ਤੋਂ ਧਰਨਾ ਲਾ ਕੇ ਬੈਠੇ ਸੈਂਕੜੇ ਮੁਜ਼ਾਹਰਾਕਾਰੀਆਂ ਨੂੰ ਹਟਾਉਣ ਲਈ ਪੁਲੀਸ ਨੇ ਕਾਰਵਾਈ ਵਿੱਢ ਦਿੱਤੀ ਹੈ। ਦੰਗਾ ਵਿਰੋਧੀ ਪੁਲੀਸ ਪੂਰੀ ਤਿਆਰੀ ਨਾਲ ਮੁਜ਼ਾਹਰਾਕਾਰੀਆਂ ਦੇ ਨੇੜੇ ਪਹੁੰਚ ਗਈ ਹੈ। ਲਾਜ਼ਮੀ ਕਰੋਨਾਵਾਇਰਸ ਵੈਕਸੀਨ ਦਾ ਵਿਰੋਧ ਕਰ ਰਹੇ ਲੋਕਾਂ ਖ਼ਿਲਾਫ਼ ਇਹ ਪੁਲੀਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਹੈ। ਪੁਲੀਸ ਨੇ ਮੌਕੇ ਉਤੇ ਖੜ੍ਹੀਆਂ 300 ਤੋਂ ਵੱਧ ਕਾਰਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਵੈਨਾਂ ਤੇ ਟਰੱਕਾਂ ਨੂੰ ਵੀ ਹਟਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਮੁਜ਼ਾਹਰਾਕਾਰੀ ਇਲਾਕੇ ਵਿਚ ਗਲੀਆਂ ਬੰਦ ਕਰਨ ਲਈ ਵਰਤ ਰਹੇ ਸਨ। ਪੁਲੀਸ ਦੀ ਕਾਰਵਾਈ ਅੱਜ ਸਵੇਰੇ ਸ਼ੁਰੂ ਹੋਈ ਤੇ ਪ੍ਰਦਰਸ਼ਨਕਾਰੀਆਂ ਨੂੰ ਲਾਊਡ ਸਪੀਕਰ ਉਤੇ ਹਟਣ ਲਈ ਕਿਹਾ ਗਿਆ। ਪੁਲੀਸ ਅਧਿਕਾਰੀਆਂ ਨੇ ਟੈਂਟ ਪਾੜ ਦਿੱਤੇ ਤੇ ਇਕ ਹੈਲੀਕੌਪਟਰ ਵੀ ਮੌਕੇ ਉਤੇ ਤਾਇਨਾਤ ਕੀਤਾ ਗਿਆ ਸੀ ਜੋ ਮੁਜ਼ਾਹਰੇ ਵਾਲੀ ਥਾਂ ਘੁੰਮਦਾ ਰਿਹਾ। ਕੁਝ ਮੁਜ਼ਾਹਰਾਕਾਰੀਆਂ ਨੇ ਪੁਲੀਸ ਦਾ ਵਿਰੋਧ ਕੀਤਾ। ਪੁਲੀਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਮੀਡੀਆ ਨੂੰ ਦੱਸਿਆ ਕਿ ਪੂਰੇ ਦੇਸ਼ ਵਿਚੋਂ ਪੁਲੀਸ ਸੱਦੀ ਗਈ ਹੈ ਤੇ ਸਾਰੇ ਵਾਹਨਾਂ ਤੇ ਟੈਂਟਾਂ ਨੂੰ ਹਟਾਉਣ ਤੱਕ ਅਪਰੇਸ਼ਨ ਜਾਰੀ ਰਹੇਗਾ। ਕਮਿਸ਼ਨਰ ਨੇ ਕਿਹਾ ਕਿ ਕੁਝ ਮੁਜ਼ਾਹਰਾਕਾਰੀਆਂ ਨੇ ਪੁਲੀਸ ਅਧਿਕਾਰੀਆਂ ’ਤੇ ਪੇਂਟ ਸੁੱਟਿਆ ਹੈ ਤੇ ਬੈਰੀਕੇਡ ਲਾ ਲਏ ਹਨ। 36 ਜਣਿਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਵੀ ਕੀਤਾ ਹੈ। ਤਿੰਨ ਪੁਲੀਸ ਕਰਮੀਆਂ ਦੇ ਵੀ ਹਲਕੀਆਂ ਸੱਟਾਂ ਲੱਗੀਆਂ ਹਨ। ਇਹ ਰੋਸ ਮੁਜ਼ਾਹਰਾ ਕੈਨੇਡਾ ਵਿਚ ਹੋਏ ਰੋਸ ਪ੍ਰਦਰਸ਼ਨ ਵਰਗਾ ਹੀ ਹੈ। ਸੰਸਦ ਨੇੜਲੇ ਰੋਸ ਮੁਜ਼ਾਹਰੇ ਮਗਰੋਂ ਨਿਊਜ਼ੀਲੈਂਡ ਵਿਚ ਹੋਰ ਥਾਵਾਂ ਉਤੇ ਵੀ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। -ਏਪੀ