ਵਲਿੰਗਟਨ, 22 ਫਰਵਰੀ
ਇੱਥੇ ਨਿਊਜ਼ੀਲੈਂਡ ਪੁਲੀਸ ਲਾਈਨ ਵੱਲ ਇੱਕ ਪ੍ਰਦਰਸ਼ਨਕਾਰੀ ਤੇਜ਼ੀ ਨਾਲ ਕਾਰ ਚਲਾਉਂਦਾ ਹੋਇਆ ਆਇਆ, ਇਸ ਦੌਰਾਨ ਪੁਲੀਸ ਦਾ ਮੁਸ਼ਕਿਲ ਨਾਲ ਬਚਾਅ ਹੋਇਆ। ਇਸੇ ਦੌਰਾਨ ਕੁਝ ਹੋਰ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਅਧਿਕਾਰੀਆਂ ’ਤੇ ਕਿਸੇ ਚੀਜ਼ ਦਾ ਸਪਰੇਅ ਕਰ ਦਿੱਤਾ। ਪੁਲੀਸ ਨੇ ਪਾਰਲੀਮੈਂਟ ਦੇ ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਸੀ ਕਿਉਂਕਿ ਉੱਥੇ ਇੱਕ ਗਰੁੱਪ ਦੋ ਹਫ਼ਤਿਆਂ ਤੋਂ ਬੈਠਾ ਸੀ।
ਵਲਿੰਗਟਨ ਦੀ ਰਾਜਧਾਨੀ ਵਿਚ ਇਹ ਵਿਵਾਦ ਉਦੋਂ ਖੜ੍ਹਾ ਹੋਇਆ ਜਦੋਂ ਪੁਲੀਸ ਨੇ ਰਿਪੋਰਟ ਕੀਤੀ ਕਿ ਪ੍ਰਦਰਸ਼ਨਕਾਰੀਆਂ ਨੇ ਪੁਲੀਸ ’ਤੇ ਇਤਰਾਜ਼ਯੋਗ ਸਮੱਗਰੀ ਸੁੱਟੀ। ਏਸੀਪੀ ਰਿਚਰਡ ਚੈਂਬਰਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਝ ਪ੍ਰਦਰਸ਼ਨਕਾਰੀ ਕਰੋਨਾ ਵੈਕਸੀਨ ਨੂੰ ਲਾਜ਼ਮੀ ਕਰਨ ਦਾ ਵਿਰੋਧ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਵਲਿੰਗਟਨ ਤਕ ਸੜਕਾਂ ਨੂੰ ਖੋਲ੍ਹਣਾ ਅਤੇ ਇਲਾਕੇ ਵਿਚ ਸ਼ਾਂਤੀ ਸਥਾਪਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦਾ ਵਰਤਾਅ ਸਹਿਣਯੋਗ ਨਹੀਂ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਹੁਣ ਘਰਾਂ ਨੂੰ ਪਰਤ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੋ ਵਲਿੰਗਟਨ ਵਿਚ ਵਾਪਰਿਆ ਉਹ ਗ਼ਲਤ ਹੈ। -ਏਪੀ