ਕੈਨਬਰਾ, 8 ਫਰਵਰੀ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਅੱਜ ਪਾਪੂਆ ਨਿਊ ਗਿਨੀ ਨਾਲ ਲੱਗਦੀਆਂ ਆਪਣੀਆਂ ਸਮੁੰਦਰੀ ਹੱਦਾਂ ਅੰਦਰ ਚੀਨੀ ਕੰਪਨੀ ਵੱਲੋਂ ਇੱਕ ਨਵਾਂ ਉਦਯੋਗਿਕ ਟਾਪੂ ਬਣਾਏ ਜਾਣ ਦੀਆਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲਿਆਈ ਮੀਡੀਆ ਦੀਆਂ ਰਿਪੋਰਟਾਂ ’ਚ ਕਿਹਾ ਗਿਆ ਸੀ ਕਿ ਹਾਂਗਕਾਂਗ ’ਚ ਰਜਿਸਟਰਡ ਡਬਲਿਊਵਾਈਡਬਲਿਊ ਹੋਲਡਿੰਗ ਪ੍ਰਾਈਵੇਟ ਲਿਮੀਟਿਡ ਵੱਲੋਂ 30 ਅਰਬ ਅਮਰੀਕੀ ਡਾਲਰ ਨਾਲ ਟੋਰੇਜ਼ ਸਟਰੇਟ ’ਚ ਡੈਰੂ ਟਾਪੂ ’ਤੇ ਇੱਕ ਸਮੁੰਦਰੀ ਬੰਦਰਗਾਹ ਅਤੇ ਉਦਯੋਗਿਕ ਖੇਤਰ ਸਣੇ ਇੱਕ ਸ਼ਹਿਰ ਬਣਾਏ ਦੀ ਯੋਜਨਾ ਹੈ।
ਰਿਪੋਰਟ ਮੁਤਾਬਕ ਪਿਛਲੇ ਸਾਲ ਅਪਰੈਲ ਮਹੀਨੇ ਕੰਪਨੀ ਵੱਲੋਂ ਪਾਪੂਆ ਨਿਊ ਗਿਨੀ ਸਰਕਾਰ ਨੂੰ ਪੱਤਰ ਲਿਖੇ ਗਏ ਸਨ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਸੇ ਸ਼ਹਿਰ ਦੇ ਨਿਰਮਾਣ ਸਬੰਧੀ ਖ਼ਬਰਾਂ ਨੂੰ ਨਿਰਮੂਲ ਕਰਾਰ ਦਿੰਦਿਆਂ ਸਿਡਨੀ ਰੇਡੀਓ 2ਐੱਸਐੱਮ ਨੂੰ ਕਿਹਾ, ‘ਇਮਾਨਦਾਰੀ ਨਾਲ ਆਖਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਮਨਘੜਤ ਖ਼ਬਰ ਹੈ। ਇਹ ਸਿਰਫ ਇੱਕ ਅੰਦਾਜ਼ਾ ਹੈ।’ ਉਨ੍ਹਾਂ ਕਿਹਾ, ‘ਕੁਝ ਲੋਕ ਸਿਰਫ ਹਵਾਈ ਗੱਲਾਂ ਕਰ ਰਹੇ ਹਨ ਅਤੇ ਮੈਂ ਇਸ ਸ਼ੋਰ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦਾ।’ -ਏਪੀ