ਵਾਸ਼ਿੰਗਟਨ, 21 ਨਵੰਬਰਸੰਯੁਕਤ ਰਾਸ਼ਟਰ (UN) ਵਿਚ ਅਮਰੀਕਾ ਦੀ ਸਾਬਕਾ ਰਾਜਦੂਤ ਨਿੱਕੀ ਹੇਲੀ (Former United Nations Ambassador Nikki Haley) ਨੇ ਮੁਲਕ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ (United States President-elect Donald Trump) ਵੱਲੋਂ ਤੁਲਸੀ ਗਬਾਰਡ (Tulsi Gabbard) ਨੂੰ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ (DNI) ਨਿਯੁਕਤ ਕੀਤੇ ਜਾਣ ਦਾ ਵਿਰੋਧ ਕੀਤਾ ਹੈ ਅਤੇ ਗਬਾਰਡ ਨੂੰ ਰੂਸ, ਸੀਰੀਆ, ਇਰਾਨ ਅਤੇ ਚੀਨ ਵਰਗੇ ਮੁਲਕਾਂ ਦੀ ਹਮਦਰਦ ਦੱਸਿਆ ਹੈ। ਹੇਲੀ ਨੇ ਟਰੰਪ ਵੱਲੋਂ ਆਪਣੇ ਪਿਛਲੇ ਕਾਰਜਕਾਲ ਦੌਰਾਨ ਇਰਾਨ ਨਾਲ ਪਰਮਾਣੂ ਸਮਝੌਤਾ ਤੋੜੇ ਜਾਣ ਦੇ ਗਬਾਰਡ ਵੱਲੋਂ ਕੀਤੇ ਗਏ ਵਿਰੋਧ ਅਤੇ ਸੀਰੀਆ ਵਿੱਚ ਰਸਾਇਣਕ ਹਥਿਆਰਾਂ ਦੇ ਹਮਲਿਆਂ ਵਿੱਚ ਬਸ਼ਰ ਅਲ-ਅਸਦ ਦੀ ਸ਼ਮੂਲੀਅਤ ਉਤੇ ਸ਼ੱਕ ਕੀਤੇ ਜਾਣ ਤੇ ਯੂਕਰੇਨ ਵਿੱਚ ਚੱਲ ਰਹੀ ਜੰਗ ਬਾਰੇ ਤੁਲਸੀ ਦੀਆਂ ਟਿੱਪਣੀਆਂ ਲਈ ਉਸ ਦੀ ਆਲੋਚਨਾ ਕੀਤੀ ਹੈ। ਗੌਰਤਲਬ ਹੈ ਕਿ ਗਬਾਰਡ ਨੇ ਰੂਸ ਦੇ ਯੂਕਰੇਨ ਉਤੇ ਹਮਲੇ ਲਈ ਨਾਟੋ ਨੂੰ ਦੋਸ਼ੀ ਠਹਿਰਾਇਆ ਸੀ।
ਹੇਲੀ ਦੀ ਟਿੱਪਣੀ ਇੱਕ ਪੋਡਕਾਸਟ ਦੌਰਾਨ ਆਈ ਹੈ ਜੋ ਉਸਨੇ ਆਪਣੇ ‘ਐਕਸ’ ਹੈਂਡਲ ‘ਤੇ ਸਾਂਝਾ ਕੀਤਾ ਹੈ। ਉਸ ਨੇ ਕਿਹਾ, “ਤੁਲਸੀ ਗਬਾਰਡ ਬਾਰੇ ਤੱਥ ਕੀ ਹਨ? ਉਸਨੇ ਇਰਾਨ ਪ੍ਰਮਾਣੂ ਸਮਝੌਤਾ ਤੋੜਨ ਦਾ ਵਿਰੋਧ ਕੀਤਾ। ਉਸਨੇ ਇਰਾਨ ‘ਤੇ ਪਾਬੰਦੀਆਂ ਦਾ ਵਿਰੋਧ ਕੀਤਾ, ਉਸਨੇ ਇਰਾਨ ਦੀ ਫੌਜ ਨੂੰ ਅੱਤਵਾਦੀ ਐਲਾਨਣ ਦਾ ਵਿਰੋਧ ਕੀਤਾ, ਜੋ ਹਰ ਰੋਜ਼ ਅਮਰੀਕਾ ਦੀ ਮੌਤ ਮੰਗਦੇ ਹਨ। ਤੁਲਸੀ ਨੇ ਕਾਸਿਮ ਸੁਲੇਮਾਨੀ ਦੇ ਖਿਲਾਫ ਹਮਲੇ ਦੀ ਟਰੰਪ ਵੱਲੋਂ ਦਿੱਤੀ ਗਈ ਇਜਾਜ਼ਤ ਦੀ ਆਲੋਚਨਾ ਕੀਤੀ। ਹੁਣ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦੀ ਹਾਂ ਕਿ ਉਸ (ਸੁਲੇਮਾਨੀ) ਨੂੰ ਇਰਾਨ ਵਿਚ ਮੌਤ ਦਾ ਰੂਪ ਮੰਨਿਆ ਜਾਂਦਾ ਸੀ।”
ਹੇਲੀ ਨੇ ਹੋਰ ਕਿਹਾ, “ਉਸਨੇ ਟਰੰਪ ਨੂੰ ਚੀਨ ਨਾਲ ਵਪਾਰ ਯੁੱਧ ਖਤਮ ਕਰਨ ਲਈ ਕਿਹਾ। ਇਸੇ ਤਰ੍ਹਾਂ ਹੁਣ ਉਸਨੇ ਰੂਸ ਦਾ ਬਚਾਅ ਕੀਤਾ ਹੈ, ਉਸਨੇ ਸੀਰੀਆ ਦਾ ਬਚਾਅ ਕੀਤਾ ਹੈ, ਉਸਨੇ ਇਰਾਨ ਦਾ ਬਚਾਅ ਕੀਤਾ ਹੈ ਅਤੇ ਉਸਨੇ ਚੀਨ ਦਾ ਬਚਾਅ ਕੀਤਾ ਹੈ। ਉਸ ਨੇ ਇਨ੍ਹਾਂ ਵਿਚੋਂ ਕਿਸੇ ਮੁਲਕ ਦੀ ਕਦੇ ਕੋਈ ਨਿੰਦਾ ਨਹੀਂ ਕੀਤੀ ਹੈ। DNI ਵਰਗਾ ਅਹੁਦਾ ਕਿਸੇ ਰੂਸੀ, ਇਰਾਨੀ ਜਾਂ ਚੀਨੀ ਹਮਦਰਦ ਲਈ ਨਹੀਂ ਹੈ। DNI ਨੂੰ ਅਸਲ ਖਤਰਿਆਂ ਦਾ ਵਿਸ਼ਲੇਸ਼ਣ ਕਰਨਾ ਹੁੰਦਾ ਹੈ। ਕੀ ਅਸੀਂ ਆਪਣੀ ਕੌਮੀ ਖੁਫੀਆ ਏਜੰਸੀਆਂ ਦੇ ਸਿਖਰ ‘ਤੇ ਇਸ ਤਰ੍ਹਾਂ ਦੇ ਕਿਸੇ ਵਿਅਕਤੀ ਨਾਲ ਸਹਿਜ ਹੋ ਸਕਦੇ ਹਾਂ।” ਹੇਲੀ ਨੇ ਇਹ ਦੋਸ਼ ਵੀ ਲਾਏ ਕਿ ਅਮਰੀਕਾ ਵੱਲੋਂ ਇਰਾਨ ਨੂੰ ਸਜ਼ਾ ਦਿੱਤੇ ਜਾਣ ਤੋਂ ਰੋਕਣ ਲਈ ਤੁਲਸੀ ਗਬਾਰਡ ਨੇ ਅਮਰੀਕਾ ਦੇ ਸਾਲਾਨਾ ਰੱਖਿਆ ਬਜਟ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ।
ਨਿੱਕੀ ਨੇ ਇਥੋਂ ਤੱਕ ਕਿਹਾ, “ਉਸ (ਗਬਾਰਡ) ਨੇ ਇਰਾਨ ਖਿਲਾਫ ਟਰੰਪ ਦੀਆਂ ਜੰਗੀ ਤਾਕਤਾਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ। ਉਸਨੇ ਸਾਡੇ ਸਾਲਾਨਾ ਰੱਖਿਆ ਬਜਟ ਵਿੱਚ ਕਟੌਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਅਸੀਂ ਇਰਾਨ ਨੂੰ ਸਜ਼ਾ ਨਾ ਦੇ ਸਕੀਏ ਅਤੇ ਉਸ ਦੇ ਪ੍ਰਭਾਵ ਵਿੱਚ ਰੁਕਾਵਟ ਨਾ ਪਾ ਸਕੀਏ। ਯਾਦ ਰਹੇ, ਇਰਾਨ ਅਤਿਵਾਦ ਦਾ ਨੰਬਰ ਇੱਕ ਸਪਾਂਸਰ ਹੈ ਅਤੇ ਤੁਲਸੀ ਗਬਾਰਡ ਇਰਾਨ ਦਾ ਬਚਾਅ ਕਰ ਰਹੀ ਸੀ। ਉਹ 2017 ਵਿੱਚ ਬਸ਼ਰ ਅਲ-ਅਸਦ ਨਾਲ ਇੱਕ ਫੋਟੋ-ਓਪ (photo-op) ਲਈ ਗਈ ਸੀ ਜਦੋਂ ਉਹ (ਬਸ਼ਰ) ਆਪਣੇ ਹੀ ਸੀਰਿਆਈ ਲੋਕਾਂ ਦਾ ਕਤਲੇਆਮ ਕਰ ਰਿਹਾ ਸੀ। ਉਸ ਨੇ ਕਿਹਾ ਸੀ ਕਿ ਉਸ ਨੂੰ ਇਸ ਗੱਲ ਉਤੇ ਸ਼ੱਕ ਹੈ ਕਿ ਰਸਾਇਣਕ ਹਥਿਆਰਾਂ ਦੇ ਹਮਲੇ ਪਿੱਛੇ ਬਸ਼ਰ ਦਾ ਹੱਥ ਸੀ।”
ਹੇਲੀ ਨੇ ਰੂਸ-ਯੂਕਰੇਨ ਦੀ ਚੱਲ ਰਹੀ ਜੰਗ ‘ਤੇ ਵੀ ਗੱਲ ਕੀਤੀ ਅਤੇ ਯੂਕਰੇਨ ‘ਤੇ ਰੂਸੀ ਹਮਲੇ ਲਈ ਨਾਟੋ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਗਬਾਰਡ ਦੀ ਆਲੋਚਨਾ ਕੀਤੀ। ਉਸਨੇ ਕਿਹਾ, “ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕੀਤੇ ਜਾਣ ਤੋਂ ਬਾਅਦ, ਤੁਲਸੀ ਗਬਾਰਡ ਨੇ ਨਾਟੋ ਨੂੰ ਦੋਸ਼ੀ ਠਹਿਰਾਇਆ, ਜਿਹੜਾ ਸਾਡਾ ਪੱਛਮੀ ਗਠਜੋੜ ਹੈ, ਜੋ ਰੂਸ ਦਾ ਟਾਕਰਾ ਕਰਨ ਲਈ ਜ਼ਿੰਮੇਵਾਰ ਹੈ। ਉਸਨੇ ਯੂਕਰੇਨ ‘ਤੇ ਹਮਲੇ ਲਈ ਨਾਟੋ ਨੂੰ ਦੋਸ਼ੀ ਠਹਿਰਾਇਆ। ਅਤੇ ਰੂਸੀਆਂ ਅਤੇ ਚੀਨੀਆਂ ਨੇ ਉਸ ਦੀਆਂ ਇਨ੍ਹਾਂ ਟਿੱਪਣੀਆਂ ਦਾ ਬਹੁਤ ਲਾਹਾ ਲਿਆ।”
ਹੇਲੀ ਨੇ ਹੋਰ ਕਿਹਾ, “ਉਸਨੇ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਵਿਰੁੱਧ ਦੋਸ਼ਾਂ ਨੂੰ ਹਟਾਉਣ ਅਤੇ ਰਾਸ਼ਟਰੀ ਸੁਰੱਖਿਆ ਏਜੰਸੀ ਦੇ ਠੇਕੇਦਾਰ ਐਡਵਰਡ ਸਨੋਡੇਨ ਨੂੰ ਮੁਆਫ਼ ਕਰਨ ਲਈ ਜ਼ੋਰ ਦਿੱਤਾ, ਜਿਨ੍ਹਾਂ ਦੋਵਾਂ ‘ਤੇ ਅਮਰੀਕਾ ਦੇ ਬਹੁਤ ਹੀ ਸੰਵੇਦਨਸ਼ੀਲ ਭੇਤ ਲੀਕ ਕਰਨ ਦੇ ਦੋਸ਼ ਸਨ।”
ਗ਼ੌਰਤਲਬ ਹੈ ਕਿ ਲੈਫਟੀਨੈਂਟ ਕਰਨਲ ਤੁਲਸੀ ਗਬਾਰਡ (Lieutenant Colonel Tulsi Gabbard) ਨੂੰ ਡਾਇਰੈਕਟਰ ਨੈਸ਼ਨਲ ਇੰਟੈਲੀਜੈਂਸ ਐਲਾਨਦੇ ਸਮੇਂ ਟਰੰਪ ਨੇ ਪਿਛਲੇ ਦੋ ਦਹਾਕਿਆਂ ਦੌਰਾਨ ਦੇਸ਼ ਅਤੇ ਸਾਰੇ ਅਮਰੀਕੀਆਂ ਦੀ ਆਜ਼ਾਦੀ ਲਈ ਲੜਨ ਵਾਸਤੇ ਗਬਾਰਡ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ ਸੀ।
ਟਰੰਪ ਨੇ ਕਿਹਾ, “ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਬਕਾ ਕਾਂਗਰਸ ਵਿਮੈਨ, ਲੈਫਟੀਨੈਂਟ ਕਰਨਲ ਤੁਲਸੀ ਗਬਾਰਡ, ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ (ਡੀਐਨਆਈ) ਵਜੋਂ ਕੰਮ ਕਰੇਗੀ। ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਤੁਲਸੀ ਨੇ ਸਾਡੇ ਦੇਸ਼ ਅਤੇ ਸਾਰੇ ਅਮਰੀਕੀਆਂ ਦੀ ਆਜ਼ਾਦੀ ਲਈ ਲੜਾਈ ਲੜੀ ਹੈ।”
ਟਰੰਪ ਨੇ ਕਿਹਾ, “ਡੈਮੋਕਰੇਟ ਰਾਸ਼ਟਰਪਤੀ ਨਾਮਜ਼ਦਗੀ (Democrat Presidential Nomination) ਲਈ ਇੱਕ ਸਾਬਕਾ ਉਮੀਦਵਾਰ ਵਜੋਂ ਉਸਨੂੰ ਦੋਵਾਂ ਪਾਰਟੀਆਂ ਵਿੱਚ ਵਿਆਪਕ ਸਮਰਥਨ ਪ੍ਰਾਪਤ ਹੈ, ਉਹ ਹੁਣ ਇੱਕ ਮਾਣ ਵਾਲੀ ਰਿਪਬਲਿਕਨ ਹੈ!” ਗ਼ੌਰਤਲਬ ਹੈ ਕਿ ਟਰੰਪ ਨੇ 2024 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ 295 ਇਲੈਕਟੋਰਲ ਵੋਟਾਂ ਪ੍ਰਾਪਤ ਕਰਦਿਆਂ ਆਪਣੀ ਡੈਮੋਕਰੇਟਿਕ ਵਿਰੋਧੀ ਕਮਲਾ ਹੈਰਿਸ ਨੂੰ ਹਰਾ ਕੇ ਦੂਜੀ ਵਾਰ ਅਮਰੀਕੀ ਰਾਸ਼ਟਰਪਤੀ ਵਜੋਂ ਜਿੱਤ ਦਰਜ ਕੀਤੀ ਹੈ। ਹੈਰਸਿ ਨੂੰ ਸਿਰਫ਼ 226 ਵੋਟਾਂ ਮਿਲੀਆਂ ਹਨ। -ਏਐਨਆਈ