ਲੰਡਨ: ਯੂਕੇ ਸਰਕਾਰ ਨੇ ਇੰਗਲੈਂਡ ਵਿੱਚ ਨਵੇਂ ਵਰ੍ਹੇ ਤੋਂ ਪਹਿਲਾਂ ਕੋਵਿਡ- 19 ਸਬੰਧੀ ਲੌਕਡਾਊਨ ਪਾਬੰਦੀਆਂ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ, ਜਦਕਿ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਜਿਹੇ ਵਿਕਸਤ ਮੁਲਕਾਂ ਵੱਲੋਂ ਓਮੀਕਰੋਨ ਵੇਰੀਐਂਟ ਦੇ ਫੈਲਾਅ ਨੂੰ ਰੋਕਣ ਲਈ ਪਾਰਟੀ ਤੇ ਨਾਈਟ ਕਲੱਬਾਂ ’ਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਕਰੋਨਾਵਾਇਰਸ ਦੀ ਤਾਜ਼ਾ ਸਥਿਤੀ ਬਾਰੇ ਮਾਹਰਾਂ ਨਾਲ ਮੀਟਿੰਗਾਂ ਮਗਰੋਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਭਰੋਸਾ ਦਿਵਾਇਆ ਕਿ ਇਸ ਸਮੇਂ ਚੱਲ ਰਹੇ ਮੌਜੂਦਾ ਪਲਾਨ ‘ਬੀ’ ’ਤੇ ਕੋਈ ਵਾਧੂ ਪਾਬੰਦੀਆਂ ਨਹੀਂਆਂ ਲਾਈਆਂ ਜਾਣਗੀਆਂ, ਜਿਸ ਤਹਿਤ ਲਾਜ਼ਮੀ ਤੌਰ ’ਤੇ ਮੂੰਹ ਢਕਣਾ, ਘਰੋਂ ਕੰਮ ਕਰਨਾ ਤੇ ਵੱਡੇ ਸਮਾਗਮਾਂ ਲਈ ਕੋਵਿਡ ਵੈਕਸੀਨ ਸਰਟੀਫਿਕੇਟਾਂ ਦੀ ਜਾਂਚ ਲੋੜੀਂਦੀ ਹੈ। ਸ੍ਰੀ ਜੌਹਨਸਨ ਨੇ ਟਵੀਟ ਕੀਤਾ,‘ਅਸੀਂ ਲਗਾਤਾਰ ਅੰਕੜਿਆਂ ਦਾ ਧਿਆਨ ਨਾਲ ਮੁਲਾਂਕਣ ਕਰਦੇ ਰਹਾਂਗੇ ਪਰ ਇੰਗਲੈਂਡ ਵਿੱਚ ਨਵੇਂ ਵਰ੍ਹੇ ਤੋਂ ਪਹਿਲਾਂ ਕਿਸੇ ਕਿਸਮ ਦੀਆਂ ਨਵੀਆਂ ਪਾਬੰਦੀਆਂ ਲਾਗੂ ਨਹੀਂ ਹੋਣਗੀਆਂ। ਹਾਲਾਂਕਿ ਮੈਂ ਹਰ ਇੱਕ ਨੂੰ ਬੇਨਤੀ ਕਰਾਂਗਾ ਕਿ ਓਮੀਕਰੋਨ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਸਾਵਧਾਨੀ ਵਰਤਣੀ ਜਾਰੀ ਰੱਖੀ ਜਾਵੇ। ਸਭ ਤੋਂ ਵੱਧ ਜ਼ਰੂਰੀ ਗੱਲ ਇਹ ਕਿ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਆਪਣੀ ਤੇ ਆਪਣੇ ਸ਼ੁਭਚਿੰਤਕਾਂ ਦੀ ਰਾਖੀ ਲਈ ਪਹਿਲੀ, ਦੂਜੀ ਤੇ ਬੂਸਟਰ ਡੋਜ਼ ਬਿਨਾਂ ਕਿਸੇ ਦੇਰੀ ਤੋਂ ਲਵਾਉਣ।’ -ਪੀਟੀਆਈ