ਵਾਸ਼ਿੰਗਟਨ, 2 ਸਤੰਬਰ
ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ ਜਾਂ ਹੋਰਨਾਂ ਮੁਲਕਾਂ, ਜਿਸ ਨਾਲ ਉਸ ਨੇ ਗੱਲਬਾਤ ਕੀਤੀ ਹੈ, ਨੂੰ ਅਫ਼ਗ਼ਾਨਿਸਤਾਨ ’ਤੇ ਕਾਬਜ਼ ਹੋਏ ਤਾਲਿਬਾਨ ਨੂੰ ਮਾਨਤਾ ਦੇਣ ਦੀ ਕੋਈ ਕਾਹਲ ਨਹੀਂ ਹੈ। ਵ੍ਹਾਈਟ ਹਾਊਸ ਨੇ ਜ਼ੋਰ ਦੇ ਕੇ ਆਖਿਆ ਕਿ ਅਜਿਹੀ ਪੇਸ਼ਕਦਮੀ ਇਸ ਗੱਲ ’ਤੇ ਮੁਨੱਸਰ ਕਰੇਗੀ ਕਿ ਤਾਲਿਬਾਨ ਆਲਮੀ ਭਾਈਚਾਰੇ ਦੀਆਂ ਆਸਾਂ ਉਮੀਦਾਂ ’ਤੇ ਕਿੰਨਾ ਕੁ ਖਰਾ ਉਤਰਦਾ ਹੈ। ਇਸ ਦੌਰਾਨ ਚੀਨ ਨੇ ਰੂਸ ਵੱਲੋਂ ਅਫ਼ਗ਼ਾਨਿਸਤਾਨ ਦੇ ਮੁੱਦੇ ’ਤੇ ਚਾਰ ਮੁਲਕੀ ਮੀਟਿੰਗ ਸੱਦਣ ਦੀ ਤਜਵੀਜ਼ ਨੂੰ ਸਕਾਰਾਤਮਕ ਹੁੰਗਾਰਾ ਦਿੱਤਾ ਹੈ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੈੱਨ ਪਸਾਕੀ ਨੇ ਨਿਯਮਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ, ‘‘ਅਮਰੀਕਾ ਜਾਂ ਹੋਰਨਾਂ ਮੁਲਕਾਂ ਜਿਨ੍ਹਾਂ ਨਾਲ ਅਸੀਂ ਸੰਵਾਦ ਕੀਤਾ ਹੈ, ਨੂੰ ਮਾਨਤਾ ਦੇਣ ਦੀ ਕੋਈ ਕਾਹਲ ਨਹੀਂ ਹੈ। ਇਹ ਉਨ੍ਹਾਂ (ਤਾਲਿਬਾਨ) ਦੇ ਰਵੱਈਏ ’ਤੇ ਅਤੇ ਉਨ੍ਹਾਂ ਆਸਾਂ ਉਮੀਦਾਂ ਦੇ ਪੂਰਾ ਹੋਣ ’ਤੇ ਮੁਨੱਸਰ ਕਰੇਗਾ, ਜੋ ਆਲਮੀ ਭਾਈਚਾਰੇ ਨੇ ਉਨ੍ਹਾਂ ਤੋਂ ਲਾਈਆਂ ਹੋਈਆਂ ਹਨ।’’ ਪਸਾਕੀ ਨੇ ਮੰਨਿਆ ਕਿ ਕਿਸੇ ਨੂੰ ਵੀ ਇਸ ਗੱਲ ਦੀ ਉਮੀਦ ਨਹੀਂ ਸੀ ਕਿ ਅਮਰੀਕੀ ਤੇ ਨਾਟੋ ਫੌਜਾਂ ਦੇ ਨਿਕਲਣ ਤੋਂ ਪਹਿਲਾਂ ਹੀ ਤਾਲਿਬਾਨੀ ਅਫ਼ਗ਼ਾਨਿਸਤਾਨ ’ਤੇ ਇੰਨੀ ਛੇਤੀ ਕਾਬਜ਼ ਹੋ ਜਾਣਗੇ। ਪਸਾਕੀ ਨੇ ਅਫ਼ਗ਼ਾਨ ਸਦਰ ਅਸ਼ਰਫ਼ ਗ਼ਨੀ ਦੇ ਹਵਾਲੇ ਨਾਲ ਕਿਹਾ ਕਿ ਮੁਲਕ ਤੇ ਅਫ਼ਗ਼ਾਨ ਲੋਕਾਂ ਨੂੰ ਚਾਹੀਦਾ ਸੀ ਕਿ ਉਹ ਤਾਲਿਬਾਨੀ ਲੜਾਕਿਆਂ ਨੂੰ ਮੁਕਾਬਲਾ ਦਿੰਦੇ। ਇਸ ਦੌਰਾਨ ਵਿਦੇਸ਼ ਵਿਭਾਗ ਨੇ ਇਕ ਵੱਖਰੀ ਪ੍ਰੈੱਸ ਕਾਨਫਰੰਸ ਦੌਰਾਨ ਇਹੀ ਵਿਚਾਰ ਜ਼ਾਹਿਰ ਕੀਤੇ ਹਨ। ਸਿਆਸੀ ਮਾਮਲਿਆਂ ਬਾਰੇ ਵਿਦੇਸ਼ ਰਾਜ ਮੰਤਰੀ ਵਿਕਟੋਰੀਆ ਜੇ.ਨੁਲੈਂਡ ਨੇ ਕਿਹਾ, ‘‘ਅਸੀਂ ਆਪਣੇ ਅਤੇ ਆਪਣੇ ਹੋਰਨਾਂ ਸਾਥੀਆਂ ਤੇ ਭਾਈਵਾਲਾਂ ਨਾਲ ਜੁੜੇ ਹਿੱਤਾਂ ਦੀ ਪੂਰਤੀ ਲਈ ਸੰਵਾਦ ਦਾ ਅਮਲ ਜਾਰੀ ਰੱਖਾਂਗੇ। ਪਰ ਪਹਿਲੀ ਚੀਜ਼ ਜਿਹੜੀ ਅਸੀਂ ਚਾਹੁੰਦੇ ਹਾਂ ਉਹ ਇਹ ਹੈ ਕਿ ਯੂਐੱਨ ਚਾਰਟਰ ਤਹਿਤ ਕਾਨੂੰਨੀ ਜਾਂ ਇਖ਼ਲਾਕੀ ਇਕਰਾਰਨਾਮਿਆਂ ਨੂੰ ਪੂਰਾ ਕੀਤਾ ਜਾਵੇ।’’ ਨੁਲੈਂਡ ਨੇ ਕਿਹਾ ਕਿ ਉਹ ਸੰਯੁਕਤ ਰਾਸ਼ਟਰ ਵਿੱਚ ਪਾਸ ਸੱਜਰੇ ਮਤੇ ਦੀ ਹਮਾਇਤ ਕਰਦੇ ਹਨ।
ਉਧਰ ਰੂਸ ਦੀ ਖ਼ਬਰ ਏਜੰਸੀ ਸਪੂਤਨਿਕ ਨੇ ਉਪ ਵਿਦੇਸ਼ ਮੰਤਰੀ ਇਗੋਰ ਮੋਰਗੁਲੋਵ ਦੇ ਹਵਾਲੇ ਨਾਲ ਕਿਹਾ ਕਿ ਰੂਸ ਕਾਬੁਲ ਵਿੱਚ ਚਾਰ ਮੁਲਕਾਂ ਦੀ ਮੀਟਿੰਗ ਸੱਦਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਨੂੰ ਚੀਨ ਨੇ ਸਕਾਰਾਤਮਕ ਹੁੰਗਾਰਾ ਦਿੱਤਾ ਹੈ। ਮੋਰਗੁਲੋਵ ਨੇ ਕਿਹਾ, ‘‘ਸਾਡਾ ਮੰਨਣਾ ਹੈ ਕਿ ਅਸੀਂ ਚਾਰੇ (ਰੂਸ, ਅਮਰੀਕਾ, ਚੀਨ ਤੇ ਪਾਕਿਸਤਾਨ) ਹੋਰਨਾਂ ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਅਫ਼ਗ਼ਾਨਿਸਤਾਨ ਵਿੱਚ ਸਥਿਰਤਾ ਲਈ ਯੋਗਦਾਨ ਪਾ ਸਕਦੇ ਹਾਂ। ਜਿਉਂ ਹੀ ਹਾਲਾਤ ਸਾਜ਼ਗਾਰ ਹੁੰਦੇ ਹਨ ਚਾਰ ਮੁਲਕੀ ਮੀਟਿੰਗ ਸੱਦੀ ਜਾਵੇਗੀ।’ ਇਸ ਦੌਰਾਨ ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੈਂਗ ਵੈੱਨਬਿਨ ਨੇ ਰੂਸੀ ਤਜਵੀਜ਼ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਤੇ ਰੂਸ, ਅਫ਼ਗਾਨਿਸਤਾਨ ’ਚੋਂ ਅਮਰੀਕੀ ਫੌਜਾਂ ਦੀ ਹਿਜਰਤ ਮਗਰੋਂ ਉਪਜੇ ਮੌਜੂਦਾ ਹਾਲਾਤ ਨੂੰ ਲੈ ਕੇ ਰਣਨੀਤਕ ਤੌਰ ’ਤੇ ਇਕ ਦੂਜੇ ਦੇ ਸੰਪਰਕ ਵਿੱਚ ਹਨ। ਵੈਂਗ ਨੇ ਕਿਹਾ, ‘‘ਅਫ਼ਗ਼ਾਨ ਸੰਕਟ ਦੇ ਹੱਲ ਲਈ ਕੌਮਾਂਤਰੀ ਭਾਈਚਾਰੇ ਦੀ ਸ਼ਮੂਲੀਅਤ ਤੇ ਹਮਾਇਤ ਦੋਵੇਂ ਲੋੜੀਂਦੇ ਹਨ।’’ ਇਸ ਤੋਂ ਪਹਿਲਾਂ ਚਾਰ ਦੇਸ਼ੀ ਮੀਟਿੰਗ 11 ਅਗਸਤ ਨੂੰ ਕਤਰ ਵਿੱਚ ਹੋਈ ਸੀ। -ਪੀਟੀਆਈ