ਜੋਹਾਨੈੱਸਬਰਗ, 26 ਦਸੰਬਰ
ਦੇਸ਼ ਵਿਚ ਨਸਲੀ ਭੇਦਭਾਵ ਨਾਲ ਲੜਨ ਲਈ ਨੋਬੇਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਦੱਖਣੀ ਅਫਰੀਕਾ ਦੇ ਰੰਗਭੇਦ ਸੰਘਰਸ਼ ਦੇ ਪ੍ਰਤੀਕ ਆਰਚਬਿਸ਼ਪ ਡੈਸਮੰਡ ਟੂਟੂ ਦਾ ਦੇਹਾਂਤ ਹੋ ਗਿਆ। ਉਹ 90 ਸਾਲਾਂ ਦੇ ਸਨ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਐਲਾਨ ਕੀਤਾ ਕਿ ਟੂਟੂ ਦਾ ਐਤਵਾਰ ਤੜਕੇ ਕੈਪਟਾਊਨ ਵਿਚ ਦੇਹਾਂਤ ਹੋ ਗਿਆ। ਉਹ ਨੋਬੇਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਆਖ਼ਰੀ ਜਿਊਂਦੇ ਦੱਖਣੀ ਅਫ਼ਰੀਕੀ ਸਨ। ਕੁਝ ਸਮਾਂ ਪਹਿਲਾਂ ਟੀਬੀ ਨੂੰ ਮਾਤ ਦੇ ਚੁੱਕੇ ਟੂਟੂ ਨੇ 1997 ਵਿਚ ਗਦੂਦਾਂ ਦੇ ਕੈਂਸਰ ਦੀ ਸਰਜਰੀ ਕਰਵਾਈ ਸੀ। ਹਾਲ ਦੇ ਸਾਲਾਂ ਵਿਚ ਉਨ੍ਹਾਂ ਨੂੰ ਵੱਖ-ਵੱਖ ਬਿਮਾਰੀਆਂ ਕਰ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਟੂਟੂ ਦੇ ਦੇਹਾਂਤ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਅਧਿਆਤਮਕ ਆਗੂ ਦਲਾਈ ਲਾਮਾ ਸਣੇ ਦੁਨੀਆਂ ਭਰ ਦੇ ਆਗੂਆਂ ਨੇ ਅਫਸੋਸ ਜ਼ਾਹਿਰ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।