ਸਟਾਕਹੋਮ: ਰਸਾਇਣ ਵਿਗਿਆਨ ’ਚ ਇਸ ਵਰ੍ਹੇ ਦਾ ਨੋਬੇਲ ਪੁਰਸਕਾਰ ਕੈਰੋਲਿਨ ਆਰ ਬਰਟੋਜ਼ੀ, ਮੋਰਟਨ ਮੇਲਡਲ ਅਤੇ ਕੇ ਬੈਰੀ ਸ਼ਾਰਪਲੈੱਸ ਨੂੰ ‘ਅਣੂਆਂ ਨੂੰ ਇਕੱਠਿਆਂ ਤੋੜਨ’ ਦਾ ਤਰੀਕਾ ਵਿਕਸਤ ਕਰਨ ਲਈ ਪ੍ਰਦਾਨ ਕੀਤਾ ਗਿਆ ਹੈ। ਰੌਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਦੇ ਸਕੱਤਰ ਜਨਰਲ ਹੈਂਸ ਐਲੇਗਰੇਨ ਨੇ ਬੁੱਧਵਾਰ ਨੂੰ ਸਵੀਡਨ ਦੇ ਸਟਾਕਹੋਮ ’ਚ ਕੈਰੋਲਿੰਸਕਾ ਇੰਸਟੀਚਿਊਟ ’ਚ ਜੇਤੂਆਂ ਦਾ ਐਲਾਨ ਕੀਤਾ। ਉਨ੍ਹਾਂ ਦੇ ਕੰਮ ਨੂੰ ਕਲਿਕ ਰਸਾਇਣ ਅਤੇ ਬਾਇਓਆਰਥੋਗੋਨਲ ਪ੍ਰਤੀਕਿਰਿਆ ਵਜੋਂ ਜਾਣਿਆ ਜਾਂਦਾ ਹੈ। ਇਸ ਦੀ ਵਰਤੋਂ ਕੈਂਸਰ ਦੀਆਂ ਦਵਾਈਆਂ ਬਣਾਉਣ, ਡੀਐੱਨਏ ਮੈਪਿੰਗ ਕਰਨ ਅਤੇ ਇਕ ਖਾਸ ਉਦੇਸ਼ ਮੁਤਾਬਕ ਸਮੱਗਰੀ ਬਣਾਉਣ ਲਈ ਕੀਤਾ ਜਾਂਦਾ ਹੈ। ਬਰਟੋਜ਼ੀ ਕੈਲੀਫੋਰਨੀਆ ’ਚ ਸਟੈਨਫੋਰਡ ਯੂਨੀਵਰਸਿਟੀ, ਮੇਲਡਲ ਡੈਨਮਾਰਕ ਦੀ ਕੋਪਨਹੈਗਨ ਯੂਨੀਵਰਸਿਟੀ ਅਤੇ ਸ਼ਾਰਪਲੈੱਸ ਕੈਲੀਫੋਰਨੀਆ ਦੇ ਸਕ੍ਰਿਪਸ ਰਿਸਰਚ ਨਾਲ ਜੁੜੇ ਹੋਏ ਹਨ। ਸ਼ਾਰਪਲੈੱਸ ਨੇ 2001 ’ਚ ਵੀ ਨੋਬੇਲ ਪੁਰਸਕਾਰ ਜਿੱਤਿਆ ਸੀ। ਉਹ ਵੱਕਾਰੀ ਪੁਰਸਕਾਰ ਦੋ ਵਾਰ ਹਾਸਲ ਕਰਨ ਵਾਲੇ ਪੰਜਵੇਂ ਵਿਅਕਤੀ ਹਨ। -ਏਪੀ