ਸਟਾਕਹੋਮ: ਫਰਾਂਸੀਸੀ ਲੇਖਿਕਾ ਐਨੀ ਅਰਨੌ (82) ਨੂੰ ਇਸ ਵਰ੍ਹੇ ਦਾ ਨੋਬੇਲ ਸਾਹਿਤ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਅਰਨੌ ਨੂੰ ਨਿੱਜੀ ਯਾਦਾਂ ਦੇ ਸਮੂਹਿਕ ਅੜਿੱਕਿਆਂ ਨੂੰ ਉਜਾਗਰ ਕਰਨ ਅਤੇ ਹੌਸਲੇ ਆਦਿ ਬਾਰੇ ਉਨ੍ਹਾਂ ਦੀ ਲੇਖਣੀ ਲਈ ਇਹ ਵੱਕਾਰੀ ਪੁਰਸਕਾਰ ਦਿੱਤਾ ਗਿਆ ਹੈ। ਸਵੀਡਿਸ਼ ਅਕੈਡਮੀ ਨੇ ਇਕ ਬਿਆਨ ’ਚ ਕਿਹਾ ਕਿ ਅਰਨੌ ਨੇ ਆਪਣੀ ਲੇਖਣੀ ’ਚ ਲਿੰਗ, ਭਾਸ਼ਾ ਅਤੇ ਵਰਗਾਂ ਬਾਰੇ ਅਸਮਾਨਤਾ ਦੇ ਵੱਖ ਵੱਖ ਪੱਖਾਂ ਦਾ ਜ਼ਿਕਰ ਕੀਤਾ ਹੈ। ਅਰਨੌਜ਼ ਦੀਆਂ 20 ਤੋਂ ਜ਼ਿਆਦਾ ਕਿਤਾਬਾਂ ’ਚ ਉਨ੍ਹਾਂ ਦੇ ਜੀਵਨ ਅਤੇ ਨੇੜਲੇ ਲੋਕਾਂ ਦੀ ਜ਼ਿੰਦਗੀ ਸਬੰਧੀ ਘਟਨਾਵਾਂ ਦਰਜ ਹਨ। ਇਹ ਕਿਤਾਬਾਂ ਜਿਨਸੀ ਸ਼ੋਸ਼ਣ, ਗਰਭਪਾਤ, ਬਿਮਾਰੀ ਅਤੇ ਮਾਪਿਆਂ ਦੀ ਮੌਤ ਸਬੰਧੀ ਤਸਵੀਰਾਂ ਪੇਸ਼ ਕਰਦੀਆਂ ਹਨ। -ਆਈਏਐਨਐਸ