ਢਾਕਾ: ਬੰਗਲਾਦੇਸ਼ ਵਿੱਚ ਇਕ ਵਿਸ਼ੇਸ਼ ਅਦਾਲਤ ਨੇ 20 ਲੱਖ ਅਮਰੀਕੀ ਡਾਲਰ ਤੋਂ ਵੱਧ ਰਾਸ਼ੀ ਦੇ ਗ਼ਬਨ ਦੇ ਮਾਮਲੇ ਵਿੱਚ ਨੋਬੇਲ ਇਨਾਮ ਜੇਤੂ ਮੁਹੰਮਦ ਯੂਨੁਸ ਅਤੇ 13 ਹੋਰਨਾਂ ਖ਼ਿਲਾਫ਼ ਅੱਜ ਦੋਸ਼ ਆਇਦ ਕੀਤੇ। ਉੱਧਰ ਗ਼ਰੀਬ ਲੋਕਾਂ, ਖ਼ਾਸ ਕਰ ਕੇ ਔਰਤਾਂ ਦੀ ਮਦਦ ਕਰਨ ਲਈ ਸੂਖਮ ਕਰਜ਼ੇ ਦੀ ਸ਼ੁਰੂਆਤ ਕਰਨ ਵਾਸਤੇ 2006 ਵਿੱਚ ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨੇ ਗਏ 83 ਸਾਲਾ ਯੂਨੁਸ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ। ਫਿਲਹਾਲ ਯੂਨੁਸ ਜ਼ਮਾਨਤ ’ਤੇ ਬਾਹਰ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਯੂਨੁਸ ਨੇ ਕਿਹਾ ਕਿ ਅਧਿਕਾਰੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਹੋਰ ਸਹਿਯੋਗੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਸੇ ਵੀ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ। ਢਾਕਾ ਦੇ ਵਿਸ਼ੇਸ਼ ਜੱਜ ਸਈਦ ਅਰਾਫ਼ਾਤ ਹੁਸੈਨ ਨੇ ਖਚਾਖਚ ਭਰੀ ਅਦਾਲਤ ਵਿੱਚ ਯੂਨੁਸ ਦੇ ਗੈਰ-ਲਾਭਕਾਰੀ ‘ਗ੍ਰਾਮੀਣ ਟੈਲੀਕਾਮ’ ਉੱਤੇ ਲੱਗੇ ਦੋਸ਼ਾਂ ਨੂੰ ਹਟਾਉਣ ਸਬੰਧੀ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ।। -ਏਪੀ