ਐਲਿਜ਼ਾਬੈੱਥ ਸਿਟੀ: ਨੌਰਥ ਕੈਰੋਲੀਨਾ ’ਚ ਇਕ ਪੁਲੀਸ ਅਧਿਕਾਰੀ ਨੇ ਸਰਚ ਵਾਰੰਟ ਜਾਰੀ ਕਰਨ ਸਮੇਂ ਇਕ ਸਿਆਹਫਾਮ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ’ਤੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਪੁਲੀਸ ਵਿਭਾਗ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ। ਪਾਸਕੋਟੈਂਕ ਕਾਊਂਟੀ ਸ਼ੈਰਿਫ਼ ਦੇ ਡਿਪਟੀ ਨੂੰ ਮਾਮਲੇ ਦੀ ਜਾਂਚ ਹੋਣ ਤੱਕ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਅਧਿਕਾਰੀ ਟੌਮੀ ਵੂਟੇਨ ਨੇ ਦੱਸਿਆ ਕਿ ਡਿਪਟੀ ਨੇ ਐਂਡਰਿਊ ਬ੍ਰਾਊਨ ਜੂਨੀਅਰ ਨੂੰ ਬੁੱਧਵਾਰ ਸਵੇਰੇ ਸਾਢੇ 8 ਵਜੇ ਵਾਰੰਟ ਦੇਣ ਸਮੇਂ ਗੋਲੀ ਮਾਰੀ। ਸਥਾਨਕ ਐੱਨਏਏਸੀਪੀ ਆਗੂ ਕੀਥ ਰੀਵਰਜ਼ ਨੇ ਦੱਸਿਆ ਕਿ ਬ੍ਰਾਊਨ ਸਿਆਹਫਾਮ ਸੀ। ਅਦਾਲਤੀ ਰਿਕਾਰਡ ਮੁਤਾਬਕ ਬ੍ਰਾਊਨ ’ਤੇ ਨਸ਼ੇ ਰੱਖਣ ਅਤੇ ਵੇਚਣ ਦੇ ਦੋਸ਼ ਸਨ। ਰੀਵਰਜ਼ ਨੇ ਕਿਹਾ ਕਿ ਅਜੇ ਕੱਲ੍ਹ ਹੀ ਜੌਰਜ ਫਲੌਇਡ ਦੀ ਹੱਤਿਆ ’ਚ ਪੁਲੀਸ ਅਧਿਕਾਰੀ ਡੈਰੇਕ ਚੌਵਿਨ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਅੱਜ ਇਕ ਹੋਰ ਘਟਨਾ ਵਾਪਰ ਗਈ। ਉਨ੍ਹਾਂ ਕਿਹਾ ਕਿ ਸਿਆਹਫਾਮਾਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਕਦਮ ਉਠਾਉਣੇ ਚਾਹੀਦੇ ਹਨ। ਬ੍ਰਾਊਨ ਦੀ ਦਾਦੀ ਲੀਡੀਆ ਬ੍ਰਾਊਨ ਅਤੇ ਇਕ ਹੋਰ ਰਿਸ਼ਤੇਦਾਰ ਕਲੈਰਿਸਾ ਗਬਿਸਨ ਨੇ ਕਿਹਾ ਕਿ ਉਨ੍ਹਾਂ ਨੂੰ ਬ੍ਰਾਊਨ ਦੀ ਮੌਤ ਬਾਰੇ ਜਾਣਕਾਰੀ ਟੀਵੀ ਦੀਆਂ ਖ਼ਬਰਾਂ ਤੋਂ ਮਿਲੀ। ਦੋਹਾਂ ਨੇ ਕਿਹਾ ਕਿ ਹੱਤਿਆ ਦੀ ਜਾਂਚ ਕੀਤੀ ਜਾਵੇ। -ਏਪੀ