ਸਿਓਲ, 19 ਅਕਤੂਬਰ
ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਫੌਜੀ ਅਭਿਆਸ ਦੀ ਜਵਾਬੀ ਕਾਰਵਾਈ ਵਜੋਂ ਅੱਜ ਸਮੁੰਦਰੀ ਬਫਰ ਜ਼ੋਨ ਵੱਲ ਕਰੀਬ 100 ਗੋਲੇ ਦਾਗੇ। ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਤਣਾਅ ਵਧਾਉਣ ਦੇ ਦੋਸ਼ ਲਾਏ ਹਨ। ਦੱਖਣੀ ਕੋਰੀਆ ਦੇ ਜੁਆਇੰਟ ਚੀਫ ਆਫ ਸਟਾਫ ਨੇ ਇਕ ਬਿਆਨ ’ਚ ਕਿਹਾ ਕਿ ਉੱਤਰੀ ਕੋਰੀਆ ਨੇ ਆਪਣੇ ਪੱਛਮੀ ਤੱਟ ’ਤੇ ਲਗਪਗ 100 ਗੋਲੇ ਅਤੇ ਪੂਰਬੀ ਤੱਟ ’ਤੇ 150 ਗੋਲੇ ਦਾਗੇ। ਦੱਖਣੀ ਕੋਰੀਆ ਦੇ ਸੰਯੁਕਤ ਚੀਫ ਆਫ ਸਟਾਫ ਅਨੁਸਾਰ ਉੱਤਰੀ ਕੋਰੀਆ ਦੀ ਫ਼ੌਜ ਵੱਲੋਂ ਦਾਗੇ ਗਏ ਗੋਲੇ ਸਮੁੰਦਰੀ ਬਫਰ ਜ਼ੋਨ ਵਿੱਚ ਡਿੱਗੇ ਹਨ। ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਨੇ ਆਪਣੇ 2018 ਦੇ ਅੰਤਰ-ਕੋਰਿਆਈ ਸਮਝੌਤੇ ਤਹਿਤ ਬਫਰ ਜ਼ੋਨ ਬਣਾਏ ਸਨ, ਜਿਸ ਦਾ ਮਕਸਦ ਦੁਸ਼ਮਣੀ ਘੱਟ ਕਰਨਾ ਹੈ। ਉੱਤਰੀ ਕੋਰੀਅਨ ਪੀਪਲਜ਼ ਆਰਮੀ ਦੇ ਜਨਰਲ ਸਟਾਫ ਦੇ ਤਰਜਮਾਨ ਨੇ ਕਿਹਾ, ‘‘ਸਾਡੀ ਫ਼ੌਜ ਨੇ ਦੁਸ਼ਮਣ ਫ਼ੌਜ ਨੂੰ ਸਰਹੱਦੀ ਇਲਾਕਿਆਂ ਵਿੱਚ ਕਾਰਵਾਈ ਤੁਰੰਤ ਰੋਕਣ ਲਈ ਸਖ਼ਤ ਚਿਤਾਵਨੀ ਦਿੱਤੀ ਹੈ।’’ -ਏਪੀ