ਸਿਓਲ, 1 ਅਕਤੂਬਰ
ਉੱਤਰੀ ਕੋਰੀਆ ਨੇ ਅੱਜ ਘੱਟ ਦੂਰੀ ਵਾਲੀਆਂ ਦੋ ਬੈਲਿਸਟਿਕ ਮਿਜ਼ਾਈਲਾਂ ਦਾ ਪਰੀਖਣ ਕੀਤਾ। ਉਸ ਦੇ ਗੁਆਂਢੀ ਦੇਸ਼ਾਂ ਨੇ ਇਹ ਜਾਣਕਾਰੀ ਦਿੱਤੀ। ਇਸ ਹਫ਼ਤੇ ਵਿੱਚ ਇਹ ਚੌਥੀ ਵਾਰ ਹੈ ਜਦੋਂ ਉੱਤਰੀ ਕੋਰੀਆ ਨੇ ਹਥਿਆਰਾਂ ਦਾ ਪਰੀਖਣ ਕੀਤਾ ਹੈ, ਜਿਸ ਦੀ ਉਸ ਦੇ ਵਿਰੋਧੀਆਂ ਨੇ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕੀਤੀ ਹੈ।
ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ ਨੇ ਉੱਤਰ ਕੋਰੀਆ ਦੇ ਹਥਿਆਰ ਪ੍ਰੋਗਰਾਮ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਦਾ ਪਰਮਾਣੂ ਹਥਿਆਰਾਂ ਦਾ ‘ਜਨੂੰਨ’ ਉਸ ਦੇ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਵਧਾ ਰਿਹਾ ਹੈ ਅਤੇ ਉਨ੍ਹਾਂ ਅਜਿਹੇ ਹਥਿਆਰਾਂ ਦੇ ਇਸਤੇਮਾਲ ’ਤੇ ਦੱਖਣੀ ਕੋਰੀਆ ਤੇ ਅਮਰੀਕੀ ਫ਼ੌਜਾਂ ਵੱਲੋਂ ‘ਕਾਫੀ ਤਿੱਖੀ ਪ੍ਰਤੀਕਿਰਿਆ’ ਦੀ ਚਿਤਾਵਨੀ ਦਿੱਤੀ।
ਯੂਨ ਨੇ ਹਥਿਆਰਬੰਦ ਬਲਾਂ ਦੇ ਦਿਹਾੜੇ ਸਬੰਧੀ ਸਮਾਰੋਹ ’ਚ ਕਿਹਾ, ‘‘ਉੱਤਰੀ ਕੋਰੀਆ ਨੇ ਪਿਛਲੇ 30 ਸਾਲਾਂ ਵਿੱਚ ਕੌਮਾਂਤਰੀ ਭਾਈਚਾਰੇ ਦੇ ਲਗਾਤਾਰ ਇਤਰਾਜ਼ ਦੇ ਬਾਵਜੂਦ ਪਰਮਾਣੂ ਤੇ ਮਿਜ਼ਾਈਲ ਹਥਿਆਰਾਂ ਲਈ ਆਪਣਾ ਜਨੂੰਨ ਨਹੀਂ ਛੱਡਿਆ ਹੈ। ਪਰਮਾਣੂ ਹਥਿਆਰਾਂ ਦਾ ਵਿਕਾਸ ਉੱਤਰੀ ਕੋਰੀਆ ਦੇ ਲੋਕਾਂ ਨੂੰ ਹੋਰ ਮੁਸ਼ਕਿਲ ਵਿੱਚ ਪਾ ਦੇਵੇਗਾ।’’ ਉਨ੍ਹਾਂ ਕਿਹਾ, ‘‘ਜੇਕਰ ਉੱਤਰੀ ਕੋਰੀਆ ਪਰਮਾਣੂ ਹਥਿਆਰਾਂ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਦੱਖਣੀ ਕੋਰੀਆ-ਅਮਰੀਕਾ ਗੱਠਜੋੜ ਅਤੇ ਸਾਡੀਆਂ ਫ਼ੌਜਾਂ ਦੀ ਤਿੱਖੀ ਪ੍ਰਤੀਕਿਰਿਆ ਦਾ ਸਾਹਮਣਾ ਕਰਨਾ ਪਵੇਗਾ।’’ ਦੱਖਣੀ ਕੋਰੀਆ, ਜਪਾਨ ਤੇ ਅਮਰੀਕੀ ਫ਼ੌਜਾਂ ਨੇ ਕਿਹਾ ਕਿ ਉਨ੍ਹਾਂ ਨੇ ਉੱਤਰੀ ਕੋਰੀਆ ਦੇ ਦੋ ਮਿਜ਼ਾਈਲ ਪਰੀਖਣਾਂ ਦਾ ਪਤਾ ਲਾਇਆ ਹੈ। -ਏਪੀ